03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਮੁੱਖ ਮੰਤਰੀ ਦੇ ਜੱਦੀ ਪਿੰਡ ਸਤੌਜ ਅਤੇ ਬੀਰ ਕਲਾਂ ਵਿਚਕਾਰ ਲੱਗੀ 'ਬੇਰੁਜ਼ਗਾਰਾਂ ਦੀ ਸੱਥ'

Ad Position 21
No active advertisement
ਅਜੀਤ ਡੈਸਕ 16-06-2026
ਚੀਮਾ ਮੰਡੀ, 15 ਜੂਨ (ਗੁਰਜੀਤ ਸਿੰਘ ਚਹਿਲ, ਜਗਰਾਜ ਮਾਨ) - ਪੰਜਾਬ 'ਚ ਸਿੱਖਿਆ ਅਤੇ ਸਿਹਤ ਵਿਭਾਗ ਸਮੇਤ ਵੱਖ-ਵੱਖ ਵਿਭਾਗਾਂ ਅੰਦਰ 67 ਹਜ਼ਾਰ ਮੁਲਾਜ਼ਮ ਭਰਤੀ ਕੀਤੇ ਜਾਣ ਤੋਂ ਇਲਾਵਾ 17 ਹਜ਼ਾਰ ਅਧਿਆਪਕ ਭਰਤੀ ਕੀਤੇ ਜਾਣ ਦੇ ਸਰਕਾਰੀ ਐਲਾਨਾਂ ਨੂੰ ਝੂਠਾ ਸਾਬਤ ਕਰਨ ਲਈ ਬੇਰੁਜ਼ਗਾਰ ਸਾਂਝੇ ਮੋਰਚੇ ਵਲੋਂ ਵਿੱਢੀ ਮੁਹਿੰਮ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਦੇ ਜੱਦੀ ਪਿੰਡ ਸਤੌਜ ਵਿਖੇ 'ਬੇਰੁਜ਼ਗਾਰਾਂ ਦੀ ਸੱਥ' ਲਗਾਉਣ ਦਾ ਐਲਾਨ ਕੀਤਾ ਗਿਆ ਸੀ, ਜਿਸ ਦੇ ਤਹਿਤ ਜਿਉਂ ਹੀ ਬੇਰੁਜ਼ਗਾਰ ਸਾਂਝੇ ਮੋਰਚੇ ਦੇ ਕਾਰਕੁਨ ਨੇੜਲੇ ਪਿੰਡ ਬੀਰ ਕਲਾਂ ਦੇ ਗੁਰਦੁਆਰਾ ਸਾਹਿਬ ਵਿਖੇ ਇਕੱਤਰ ਹੋਏ ਤਾਂ ਇਸ ਪਿੰਡ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ | ਸਤੌਜ ਪਿੰਡ ਨੂੰ ਜਾਂਦੀਆਂ ਸਾਰੀਆਂ ਸੜਕਾਂ 'ਤੇ ਕਈ ਪਰਤਾਂ ਵਿੱਚ ਵੱਡੀ ਗਿਣਤੀ ਪੁਲਿਸ ਫੋਰਸ ਤਾਇਨਾਤ ਹੋ ਗਈ | ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ, ਰਮਨ ਕੁਮਾਰ ਮਲੋਟ, ਅਮਨ ਸ਼ੇਖ਼ਾ ਅਤੇ ਹਰਜਿੰਦਰ ਝੁਨੀਰ ਦੀ ਅਗਵਾਈ ਹੇਠ ਇਕੱਠੇ ਹੋਏ ਬੇਰੁਜ਼ਗਾਰ ਸਾਂਝੇ ਮੋਰਚੇ ਦੇ ਵਰਕਰਾਂ ਨੇ ਜਿਉਂ ਹੀ ਗੁਰਦੁਆਰਾ ਸਾਹਿਬ ਤੋਂ ਪਿੰਡ ਸਤੌਜ ਵੱਲ ਨੂੰ ਮਾਰਚ ਕਰਨਾ ਸ਼ੁਰੂ ਕੀਤਾ ਤਾਂ ਪੁਲਿਸ ਪ੍ਰਸ਼ਾਸਨ ਵੱਲੋਂ ਪਹਿਲੇ ਹੱਲੇ ਬੇਰੁਜ਼ਗਾਰਾਂ ਨੂੰ ਗੁਰਦੁਆਰਾ ਸਾਹਿਬ ਅੰਦਰ ਹੀ ਡੱਕਣ ਦੀ ਕੋਸ਼ਿਸ਼ ਕੀਤੀ ਪਰੰਤੂ ਬੇਰੁਜ਼ਗਾਰਾਂ ਦੇ ਰੌਂਅ ਨੂੰ ਵੇਖਦਿਆਂ ਪੁਲਿਸ ਵੱਲੋਂ ਸਤੌਜ ਪਿੰਡ ਨੂੰ ਜਾਂਦੇ ਰਸਤੇ 'ਚ ਬਣੇ ਸੂਏ ਦੇ ਪੁਲ 'ਤੇ ਭਾਰੀ ਫੋਰਸ ਤਾਇਨਾਤ ਕਰਕੇ ਸਖਤ ਬੈਰੀਕੇਡਿੰਗ ਕੀਤੀ ਹੋਈ ਸੀ ਅਤੇ ਨਾਲ ਹੀ ਪਾਣੀ ਦੀਆਂ ਬੁਛਾੜਾਂ ਲਈ ਵਾਟਰ ਕੈਨਨ ਦਾ ਪ੍ਰਬੰਧ ਕਰ ਰੱਖਿਆ ਸੀ | ਬੇਰੁਜ਼ਗਾਰ ਪੈਦਲ ਨਾਅਰੇਬਾਜ਼ੀ ਕਰਦੇ ਹੋਏ ਜਿਉਂ ਹੀ ਸੂਏ ਦੇ ਪੂਰ ਨੇੜੇ ਪਹੁੰਚੇ ਤਾਂ ਪੁਲਿਸ ਕਪਤਾਨ ਸੰਗਰੂਰ ਨਵਰੀਤ ਸਿੰਘ ਵਿਰਕ ਅਤੇ ਪੁਲਿਸ ਕਪਤਾਨ ਦਵਿੰਦਰ ਅੱਤਰੀ ਦੀ ਅਗਵਾਈ ਹੇਠ ਤਾਇਨਾਤ ਭਾਰੀ ਪੁਲਿਸ ਫੋਰਸ ਨੇ ਬੇਰੁਜ਼ਗਾਰਾਂ ਨੂੰ ਇੱਥੇ ਹੀ ਡੱਕ ਲਿਆ ਅਤੇ ਇਸ ਤੋਂ ਅੱਗੇ ਵੀ ਇੱਕ ਹੋਰ ਵੱਡੀ ਗਿਣਤੀ 'ਚ ਪੁਲਿਸ ਟੁਕੜੀ ਤੈਨਾਤ ਕੀਤੀ ਹੋਈ ਸੀ | ਇਸ ਮੌਕੇ ਬੇਰੁਜ਼ਗਾਰਾਂ ਅਤੇ ਪੁਲਿਸ ਵਿਚਕਾਰ ਕਾਫ਼ੀ ਖਿੱਚ ਧੂਹ ਅਤੇ ਧੱਕਾ ਮੁੱਕੀ ਹੋਈ | ਬੇਰੁਜ਼ਗਾਰਾਂ ਨੇ ਇੱਥੇ ਹੀ ਮੁੱਖ ਮੰਤਰੀ ਪੰਜਾਬ ਲਈ ਕੁਰਸੀ ਰੱਖ ਕੇ ਆਪਣੀ 'ਬੇਰੁਜ਼ਗਾਰਾਂ ਦੀ ਸੱਥ' ਲਗਾ ਕੇ ਮੁੱਖ ਮੰਤਰੀ ਭਗਵੰਤ ਮਾਨ , ਉਸ ਦੇ ਪਰਿਵਾਰਕ ਮੈਂਬਰਾਂ ਸਮੇਤ ਸਮੁੱਚੀ ਪੰਜਾਬ ਕੈਬਨਿਟ ਅਤੇ ਵਿਧਾਇਕਾਂ ਨੂੰ ਜਨਤਕ ਬਹਿਸ ਲਈ ਸੱਦਾ ਦਿੱਤਾ | ਬੇਰੁਜ਼ਗਾਰਾਂ ਦਾ ਤਰਕ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ 16 ਮਾਰਚ 2022 ਤੋਂ ਅੱਜ ਤੱਕ ਸਵਾ ਚਾਰ ਸਾਲਾਂ ਵਿੱਚ ਸਿੱਖਿਆ ਵਿਭਾਗ ਵਿੱਚ ਨਰਸਰੀ ਤੋਂ ਸਹਾਇਕ ਪ੍ਰੋਫੈਸਰ ਤੱਕ ਦੀ ਇੱਕ ਵੀ ਨਵੀਂ ਅਸਾਮੀ ਜਾਰੀ ਨਹੀਂ ਕੀਤੀ | ਇਸ ਸਬੰਧੀ ਬੇਰੁਜ਼ਗਾਰਾਂ ਨੇ ਚਿਤਾਵਨੀ ਦਿੱਤੀ ਕਿ ਸਰਕਾਰ ਰੁਜ਼ਗਾਰ ਦੇ ਮੁੱਦੇ 'ਤੇ ਬੇਰੁਜ਼ਗਾਰਾਂ ਨਾਲ ਜਨਤਕ ਬਹਿਸ ਕਰੇ | ਲੰਬਾ ਸਮਾਂ ਉਡੀਕ ਕਰਨ ਮਗਰੋਂ ਆਖ਼ਰ ਬੇਰੁਜ਼ਗਾਰਾਂ ਨੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਭਗੌੜਾ ਗਰਦਾਨ ਦੇ ਹੋਏ ਆਪਣੀ ਸੱਥ ਦੀ ਸਮਾਪਤੀ ਕੀਤੀ | ਹੁਣ ਬੇਰੁਜ਼ਗਾਰਾਂ ਨੂੰ ਸਿੱਖਿਆ ਸਕੱਤਰ ਸ੍ਰੀਮਤੀ ਸੋਨਾਲੀ ਗਿਰੀ ਨਾਲ 17 ਜੂਨ ਦੀ ਪੈਨਲ ਮੀਟਿੰਗ ਦਿੱਤੀ ਗਈ ਹੈ ਪਰ ਰੁਜ਼ਗਾਰਾਂ ਨੇ ਇੱਕ ਹੋਰ ਐਲਾਨ ਕੀਤਾ ਕਿ 21 ਜੂਨ ਨੂੰ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਪਿੰਡ ਗੰਭੀਰਪੁਰ ਵਿਖੇ ਵੀ 'ਬੇਰੁਜ਼ਗਾਰਾਂ ਦੀ ਸੱਥ' ਲਗਾਈ ਜਾਵੇਗੀ | ਬੇਰੁਜਗਾਰਾ ਵਲੋਂ ਲਗਾਈ ਇਸ ਸੱਥ 'ਚ ਭਰਾਤਰੀ ਜਥੇਬੰਦੀਆਂ ਵੱਲੋਂ ਜਮਹੂਰੀ ਅਧਿਕਾਰ ਸਭਾ ਤੋਂ ਮਨਧੀਰ ਸਿੰਘ, ਡੀ.ਟੀ.ਐਫ. ਤੋਂ ਦਾਤਾ ਸਿੰਘ, ਤਰਕਸ਼ੀਲ ਸੁਸਾਇਟੀ ਤੋਂ ਜੁਝਾਰ ਸਿੰਘ ਲੌਂਗੋਵਾਲ, ਅਧਿਆਪਕ ਆਗੂ ਬਲਵੀਰ ਚੰਦ ਲੌਂਗੋਵਾਲ, ਮਿਡ ਡੇ ਮੀਲ ਵਰਕਰ ਯੂਨੀਅਨ ਤੋਂ ਜਸਪਾਲ ਕੌਰ, ਆਦਰਸ਼ ਸਕੂਲ ਅਧਿਆਪਕ ਯੂਨੀਅਨ ਤੋਂ ਮੱਖਣ ਸਿੰਘ ਬੀਰ ਖ਼ੁਰਦ, ਮੁਕਤੀ ਮੋਰਚਾ ਪੰਜਾਬ ਤੋਂ ਜਥੇਦਾਰ ਘਮੰਡ ਸਿੰਘ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੋਂ ਸੁਖਪਾਲ ਸਿੰਘ ਮਾਣਕ ਕਣਕਵਾਲ ਭੰਗੂਆਂ ਤੋਂ ਇਲਾਵਾ ਬੇਰੁਜ਼ਗਾਰ ਆਗੂ ਸਦੀਪ ਮੋਫਰ, ਗੁਰਪ੍ਰੀਤ ਸਿੰਘ ਪੱਕਾ, ਹਰਵਿੰਦਰ ਸਿੰਘ ਬਠਿੰਡਾ, ਗੁਰਵੀਰ ਸਿੰਘ ਮੰਗਵਾਲ ਗੁਰਵਿੰਦਰ ਸਿੰਘ ਜਖੇਪਲ, ਮਨਜੀਤ ਕੌਰ, ਗਗਨਦੀਪ ਕੌਰ ਬਰੇਟਾ, ਮੁਨੀਸ਼ ਅਤੇ ਸੁਨੀਲ ਫਾਜ਼ਿਲਕਾ, ਰਣਜੀਤ ਮੌੜ, ਕਰਮਜੀਤ ਸਿੰਘ ਜਗਜੀਤ ਪੁਰਾ, ਗੁਰਦੀਪ ਰਾਮਗੜ੍ਹ, ਮਨਜੋਤ ਸਿੰਘ ਅਤੇ ਹਰਸ਼ਰਨ ਭੱਠਲ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਟਾਵਰ 'ਤੇ ਚੜ੍ਹੇ ਹਰਜੀਤ ਸਿੰਘ ਨੇ ਕਿਸਾਨ ਜਥੇਬੰਦੀਆਂ ਤੋਂ ਮੰਗਿਆ ਸਮਰਥਨ ਅਗਲੀ ਖ਼ਬਰ ਲੈਂਡਮਾਰਗੇਜ ਬੈਂਕਾਂ ਨੂੰ ਜਿੰਦਰੇ ਮਾਰ ਕੇ ਚੱਲ ਰਹੇ ਪੱਕੇ ਧਰਨੇ ਰਹਿਣਗੇ ਜਾਰੀ- ਕਿਸਾਨ ਆਗੂ <br/>
Ad Position 24
No active advertisement