ਸੰਦੌੜ, 26 ਜੂਨ (ਜਸਵੀਰ ਸਿੰਘ ਜੱਸੀ) –ਮਾਨਯੋਗ ਐਡੀਸ਼ਨਲ ਜ਼ਿਲ੍ਹਾ ਤੇ ਸੈਸ਼ਨ ਜੱਜ ਸ.ਪਰਮਿੰਦਰ ਸਿੰਘ ਗਰੇਵਾਲ ਵੱਲੋਂ ਸੁਣਾਏ ਗਏ ਅਹਿਮ ਫ਼ੈਸਲੇ ਨੇ ਜਿੱਥੇ ਇੱਕ ਨੌਜਵਾਨ ਨੂੰ ਸਮਾਜ ਵਿੱਚ ਸਿਰ ਉੱਚਾ ਕਰਕੇ ਜਿਉਣ ਦੇ ਯੋਗ ਬਣਾਇਆ ਹੈ, ਉੱਥੇ ਹੀ ਉਸ ਵੱਲੋਂ ਜੇਲ੍ਹ ਵਿੱਚ ਕਰੀਬ ਸਵਾ ਚਾਰ ਸਾਲ (52 ਮਹੀਨੇ 14 ਦਿਨ) ਬਤਾਏ ਕੇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸੀਨੀਅਰ ਐਡਵੋਕੇਟ ਅਮਨਦੀਪ ਸਿੰਘ ਕਲਿਆਣ ਨੇ ਦੱਸਿਆ ਕਿ 1 ਫਰਵਰੀ 2022 ਨੂੰ ਪੁਲਿਸ ਥਾਣਾ ਸੰਦੌੜ ਵੱਲੋਂ ਮੁਕੱਦਮਾ ਨੰਬਰ 12 ਤਹਿਤ ਵਿਨੋਦ ਰਵੀਦਾਸ ਪੁੱਤਰ ਸੁਖਦੇਵ ਰਵੀਦਾਸ ਖ਼ਿਲਾਫ਼ ਐਨ.ਡੀ.ਪੀ.ਐਸ. ਐਕਟ (ਨਸ਼ਾ ਤਸਕਰੀ) ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਸੀ। ਪੁਲਿਸ ਵੱਲੋਂ ਦਰਜ ਕਹਾਣੀ ਅਨੁਸਾਰ, ਸ਼ੱਕੀ ਵਾਹਨਾਂ ਦੀ ਚੈਕਿੰਗ ਦੌਰਾਨ ਪਿੰਡ ਬਿਸ਼ਨਗੜ੍ਹ ਵਿਖੇ ਮਹੋਲੀ ਕਲਾਂ ਸਾਈਡ ਤੋਂ ਆ ਰਹੇ ਇੱਕ ਮੋਟਰਸਾਈਕਲ ਸਵਾਰ ਨੂੰ ਰੋਕਿਆ ਗਿਆ ਸੀ। ਪੁਲਿਸ ਦਾ ਦਾਅਵਾ ਸੀ ਕਿ ਉਕਤ ਨੌਜਵਾਨ ਪੁਲਿਸ ਪਾਰਟੀ ਨੂੰ ਦੇਖ ਕੇ ਮੋਟਰਸਾਈਕਲ ਪਿੱਛੇ ਮੋੜਨ ਲੱਗਾ ਤਾਂ ਵਾਹਨ ਬੰਦ ਹੋ ਗਿਆ। ਪੁੱਛਗਿੱਛ ਦੌਰਾਨ ਮੋਟਰਸਾਈਕਲ ਦੇ ਹੈਂਡਲ ਨਾਲ ਟੰਗੇ ਲਿਫ਼ਾਫ਼ੇ ਵਿੱਚੋਂ 115 ਪੱਤੇ (ਕੁੱਲ 1150 ਨਸ਼ੀਲੀਆਂ ਗੋਲੀਆਂ) ਬਰਾਮਦ ਹੋਣ ਦਾ ਦਾਅਵਾ ਕੀਤਾ ਗਿਆ । ਐਡਵੋਕੇਟ ਕਲਿਆਣ ਨੇ ਦੱਸਿਆ ਕਿ ਕਥਿਤ ਬਰਾਮਦਗੀ ‘ਵਪਾਰਕ ਮਾਤਰਾ’ ਦੇ ਅਧੀਨ ਹੋਣ ਕਾਰਨ ਅਦਾਲਤ ਵੱਲੋਂ ਵਿਨੋਦ ਦੀ ਜ਼ਮਾਨਤ ਵੀ ਮਨਜ਼ੂਰ ਨਹੀਂ ਹੋਈ ਸੀ। ਉਨ੍ਹਾਂ ਪੁਲਿਸ ਦੀ ਕਾਰਗੁਜ਼ਾਰੀ ‘ਤੇ ਸਵਾਲ ਉਠਾਉਂਦਿਆਂ ਦੱਸਿਆ ਕਿ ਤਫ਼ਤੀਸ਼ ਦੌਰਾਨ ਵਿਨੋਦ ਵੱਲੋਂ ਦੀਪਕ ਕੁਮਾਰ ਵਾਸੀ ਰਾਏਕੋਟ ਦਾ ਨਾਮ ਲਿਆ ਗਿਆ ਸੀ, ਜਿਸ ਨੂੰ ਪੁਲਿਸ ਨੇ ਖ਼ਾਨਾ ਨੰਬਰ 2 ਵਿੱਚ ਤਾਂ ਰੱਖਿਆ, ਪਰ ਫ਼ੈਸਲੇ ਦੀ ਮਿਤੀ ਤੱਕ ਉਸ ਦਾ ਚਲਾਨ ਤੱਕ ਪੇਸ਼ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਮਾਨਯੋਗ ਅਦਾਲਤ ਨੇ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਵਿਨੋਦ ਰਵੀਦਾਸ ਨੂੰ ਬੇਗੁਨਾਹ ਮੰਨਦਿਆਂ ਬਾ-ਇੱਜ਼ਤ ਬਰੀ ਕਰ ਦਿੱਤਾ ਹੈ।