ਲੌਂਗੋਵਾਲ, 1 ਜੁਲਾਈ (ਵਿਨੋਦ, ਖੰਨਾ)-ਪੰਜਾਬ ਸਰਕਾਰ ਦੀ ਸਭ ਤੋਂ ਚਰਚਿਤ ਅਤੇ ਔਰਤਾਂ ਦੀ ਭਲਾਈ ਲਈ ਬਣਾਈ ਗਈ ਸਭ ਤੋਂ ਵੱਡੀ ਸਕੀਮ ਮਾਵਾਂ ਧੀਆਂ ਸਤਿਕਾਰਯੋਗ ਯੋਜਨਾ ਤਹਿਤ 1000 ਅਤੇ 1500 ਰੁਪਏ ਲਈ ਵੱਡੀ ਗਿਣਤੀ ਵਿਚ ਔਰਤਾਂ ਪਿੰਡਾਂ ਵਿਚ ਟੂੰ-ਟੂੰ ਦੀ ਉਡੀਕ ਵਿਚ ਆਥਣ ਤੱਕ ਖੱਜਲ ਹੁੰਦੀਆਂ ਵਿਖਾਈ ਦਿੱਤੀਆਂ। ਪਰ ਸ਼ਾਮ ਹੁੰਦਿਆ ਹੁੰਦਿਆ ਟੂੰ-ਟੂੰ ਤਾਂ ਹੋਈ ਪ੍ਰੰਤੂ ਪੈਸੇ ਪਾਏ ਜਾਣ ਦੀ ਨਹੀਂ ਸਗੋਂ ਇਸ ਟੂੰ-ਟੂੰ ਰਾਹੀਂ ਇਹ ਕਿਹਾ ਗਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਵੱਲੋਂ ਸ਼ੁਰੂ ਕੀਤੀ ਗਈ ਮਾਵਾਂ-ਧੀਆਂ ਸਤਿਕਾਰਯੋਗ ਯੋਜਨਾ ਦੇ ਤਹਿਤ ਤੁਹਾਡੇ ਖਾਤੇ ਵਿੱਚ ਤਿੰਨ ਮਹੀਨਿਆਂ ਦੀ ਰਾਸ਼ੀ ਮਨਜ਼ੂਰ ਹੋ ਗਈ ਹੈ ਇਹ ਰਕਮ 24 ਘੰਟੇ ਵਿੱਚ ਤੁਹਾਡੇ ਖਾਤੇ ਵਿੱਚ ਜਮਾਂ ਹੋ ਜਾਵੇਗੀ। ਇਸ ਟੂੰ-ਟੂੰ ਨੇ ਔਰਤਾਂ ਨੂੰ ਥੋੜ੍ਹੀ ਰਾਹਤ ਤਾਂ ਦਿੱਤੀ ਹੈ ਪ੍ਰੰਤੂ ਹੁਣ ਔਰਤਾਂ ਨੂੰ ਸਰਕਾਰ ਨੇ ਇਕ ਵਾਰ ਫੇਰ ਟੂੰ-ਟੂੰ ਦੀ ਉਡੀਕ ਵਿਚ ਪਾ ਦਿੱਤਾ ਹੈ। ਸਮੁੱਚੇ ਪੰਜਾਬ ਵਿੱਚ ਇਸ ਸਕੀਮ ਨੂੰ ਲੈਕੇ ਔਰਤਾਂ ਵਿਚ ਬੇਹੱਦ ਉਤਸੁਕਤਾ ਹੈ ਅਤੇ ਔਰਤਾਂ ਬੇਹੱਦ ਸ਼ਿੱਦਤ ਅਤੇ ਬੇਸਬਰੀ ਨਾਲ ਰਾਸ਼ੀ ਦੀ ਉਡੀਕ ਕਰ ਰਹੀਆਂ ਹਨ। ਵੱਡੀ ਗਿਣਤੀ ਵਿਚ ਔਰਤਾਂ ਸ਼ਾਮ 5 ਵਜੇ ਤੱਕ ਬੈਂਕਾਂ ਵਿਚ ਬੈਠੀਆਂ ਰਹੀਆਂ ਪਰ ਨਾ ਤਾਂ ਟੂੰ-ਟੂੰ ਹੋਈ ਨਾ ਪੈਸੇ ਮਿਲੇ। ਰਾਸ਼ੀ ਦੇ ਕਨਫਰਮ ਨਾ ਹੋਣ ਦਾ ਸਾਈਡ ਇਫੈਕਟ ਇਹ ਹੋਇਆ ਕਿ ਸਾਰੀਆਂ ਔਰਤਾਂ ਵਿੱਚ ਆਪੋ ਆਪਣੇ ਖਾਤੇ ਚੈੱਕ ਕਰਵਾਉਣ ਦੀ ਹੋੜ ਲੱਗ ਗਈ ਅਤੇ ਵੱਡੀ ਗਿਣਤੀ ਵਿੱਚ ਔਰਤਾਂ ਆਂਗਣਵਾੜੀ ਵਰਕਰਾਂ ਅਤੇ ਸਖੀਆਂ ਤੱਕ ਪਹੁੰਚ ਕਰਨ ਲੱਗੀਆਂ। ਬਹੁਤੀਆਂ ਥਾਵਾਂ ਉਤੇ ਔਰਤਾਂ ਨੇ ਆਂਗਣਵਾੜੀ ਵਰਕਰਾਂ ਉਤੇ ਰਜਿਸਟਰੇਸ਼ਨ ਕਰਵਾਉਣ ਮੌਕੇ ਰੱਜ ਕੇ ਜਲੀਲ ਕਰਨ ਦੇ ਦੋਸ਼ ਲਾਏ ਹਨ। ਸ਼ੁਰੂਆਤੀ ਦੌਰ ਦੇ 1-2 ਦਿਨਾਂ ਵਿੱਚ ਕਿਸੇ ਸਾਂਝੀ ਥਾਂ ਉੱਤੇ ਰਜਿਸਟਰੇਸ਼ਨ ਕਰਨ ਤੋਂ ਬਾਅਦ ਆਂਗਣਵਾੜੀ ਵਰਕਰਾਂ ਵੱਲੋਂ ਆਪੋ ਆਪਣੇ ਘਰਾਂ ਵਿੱਚ ਰਜਿਸਟਰੇਸ਼ਨ ਲਈ ਕਿਹਾ ਗਿਆ। ਪ੍ਰੰਤੂ ਜਦੋਂ ਵੀ ਔਰਤਾਂ ਰਜਿਸਟਰੇਸ਼ਨ ਲਈ ਗਈਆਂ ਤਾਂ ਬਹੁਤੀਆਂ ਔਰਤਾਂ ਉੱਤੇ ਨਾ ਸਿਰਫ ਅਹਿਸਾਨ ਕੀਤੇ ਜਾਣ ਦਾ ਮਹਿਸੂਸ ਕਰਵਾਇਆ ਗਿਆ ਸਗੋਂ ਰਜਿਸਟਰੇਸ਼ਨ ਤੋਂ ਟਲਣ ਦੇ ਅਜਿਹੇ ਆਨੇ ਬਹਾਨੇ ਲਾਏ ਗਏ ਜੋ ਅੰਤਿਮ ਮਿਤੀ ਤੋਂ ਬਾਅਦ ਵੀ ਜਾਰੀ ਹਨ। ਭਰੋਸੇਯੋਗ ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਜਦੋਂ ਔਰਤਾਂ ਦੇ ਖਾਤਿਆਂ ਵਿਚ ਪੈਸੇ ਪੈ ਗਏ ਤਾਂ ਵਰਕਰਾਂ ਜਾਂ ਸਖੀਆਂ ਨੂੰ 100 ਰੁਪਏ ਪ੍ਰਤੀ ਫਾਰਮ ਨਕਦ ਅਦਾ ਕਰਨ ਦੇ ਸੁਨੇਹੇ ਵੀ ਨਿੱਜੀ ਤੌਰ ਉਤੇ ਲੱਗਣ ਲੱਗੇ ਹਨ।