ਸੰਗਰੂਰ, 1 ਜੁਲਾਈ (ਚੌਧਰੀ ਨੰਦ ਲਾਲ ਗਾਂਧੀ) - ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਭਾਰਤੀ ਭਾਸ਼ਾ ਸਮਰ ਕੈਂਪ ਤਹਿਤ ਜ਼ਿਲ੍ਹਾ ਸੰਗਰੂਰ ਵਿੱਚ ਤੋਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ. ਸਿੱ.) ਸ੍ਰੀਮਤੀ ਤਰਵਿੰਦਰ ਕੌਰ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਮਨਜੀਤ ਕੌਰ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਦੀਪਕ ਕੁਮਾਰ ਦੀ ਯੋਗ ਅਗਵਾਈ ਹੇਠ ਭਾਰਤੀ ਸੰਕੇਤ ਭਾਸ਼ਾ ਦਾ ਅੱਠ ਰੋਜ਼ਾ ਆਨਲਾਈਨ ਸਮਰ ਕੈਂਪ ਸਫ਼ਲਤਾਪੂਰਵਕ ਆਯੋਜਿਤ ਕੀਤਾ ਗਿਆ। ਇਸ ਵਿਲੱਖਣ ਅਤੇ ਨਿਵੇਕਲੇ ਉਪਰਾਲੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਭਾਰਤੀ ਸੰਕੇਤ ਭਾਸ਼ਾ ਪ੍ਰਤੀ ਜਾਗਰੂਕਤਾ ਪੈਦਾ ਕਰਨਾ, ਸਮਾਵੇਸ਼ੀ ਸਿੱਖਿਆ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਅਤੇ ਵਿਭਿੰਨ ਭਾਸ਼ਾਈ ਸੰਵੇਦਨਸ਼ੀਲਤਾਵਾਂ ਪ੍ਰਤੀ ਸਤਿਕਾਰ ਦਾ ਵਿਕਾਸ ਕਰਨਾ ਸੀ। ਕੈਂਪ ਦੌਰਾਨ ਜ਼ਿਲ੍ਹਾ ਨੋਡਲ ਸ੍ਰੀਮਤੀ ਸ਼ਸ਼ੀ ਬਾਲਾ ਦੇ ਸੁਚੱਜੇ, ਸਮਰਪਿਤ ਮਾਰਗਦਰਸ਼ਨ ਅਤੇ ਸੁਹਿਰਦ ਯਤਨਾਂ ਸਦਕਾ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੇ ਉਤਸ਼ਾਹ ਨਾਲ਼ ਭਾਗ ਲਿਆ। ਅੱਠ ਦਿਨਾਂ ਤੱਕ ਚੱਲੇ ਇਸ ਆਨਲਾਈਨ ਕੈਂਪ ਵਿੱਚ ਵਿਦਿਆਰਥੀਆਂ ਨੇ ਭਾਰਤੀ ਸੰਕੇਤ ਭਾਸ਼ਾ ਨਾਲ਼ ਸੰਬੰਧਤ ਅਨੇਕਾਂ ਸਿਰਜਣਾਤਮਕ ਅਤੇ ਗਿਆਨਵਰਧਕ ਗਤੀਵਿਧੀਆਂ ਵਿੱਚ ਭਾਗ ਲੈਂਦਿਆਂ ਨਵੇਂ ਸੰਕੇਤ, ਸੰਚਾਰ ਦੇ ਪ੍ਰਭਾਵਸ਼ਾਲੀ ਢੰਗ ਅਤੇ ਸਮਾਵੇਸ਼ੀ ਵਿਵਹਾਰ ਦੇ ਮਹੱਤਵ ਨੂੰ ਸਿੱਖਿਆ। ਇਨ੍ਹਾਂ ਗਤੀਵਿਧੀਆਂ ਨੇ ਨਾ ਸਿਰਫ਼ ਉਨ੍ਹਾਂ ਦੇ ਗਿਆਨ ਵਿੱਚ ਵਾਧਾ ਕੀਤਾ, ਸਗੋਂ ਸਿੱਖਣ ਦੀ ਪ੍ਰਕਿਰਿਆ ਨੂੰ ਰੁਚੀ ਭਰਪੂਰ, ਅਨੰਦਮਈ ਅਤੇ ਅਨੁਭਵ ਵਾਲ਼ਾ ਵੀ ਬਣਾਇਆ। ਕੈਂਪ ਵਿੱਚ ਅਧਿਆਪਕਾਂ ਅਤੇ ਮਾਪਿਆਂ ਦੀ ਸਰਗਰਮ ਭਾਗੀਦਾਰੀ ਨੇ ਇਸ ਉਪਰਾਲੇ ਨੂੰ ਹੋਰ ਵੀ ਪ੍ਰਭਾਵਸ਼ਾਲੀ ਬਣਾਇਆ। ਉਨ੍ਹਾਂ ਨੇ ਭਾਰਤੀ ਸੰਕੇਤ ਭਾਸ਼ਾ ਦੀ ਉਪਯੋਗਤਾ ਅਤੇ ਦਿਵਿਆਂਗਤਾ ਪ੍ਰਤੀ ਸੰਵੇਦਨਸ਼ੀਲ ਸਮਾਜ ਦੀ ਸਿਰਜਣਾ ਵਿੱਚ ਇਸ ਦੀ ਮਹੱਤਵਪੂਰਨ ਭੂਮਿਕਾ ਨੂੰ ਨੇੜਿਓਂ ਸਮਝਿਆ। ਸਮਾਪਤੀ ਮੌਕੇ ਸਿੱਖਿਆ ਅਧਿਕਾਰੀਆਂ ਨੇ ਇਸ ਸਮਰ ਕੈਂਪ ਨੂੰ ਸਮਾਵੇਸ਼ੀ, ਸੰਵੇਦਨਸ਼ੀਲ ਅਤੇ ਗੁਣਵੱਤਾ ਭਰਪੂਰ ਸਿੱਖਿਆ ਵੱਲ ਇੱਕ ਮਹੱਤਵਪੂਰਨ ਕਦਮ ਕਰਾਰ ਦਿੰਦਿਆਂ ਆਸ ਪ੍ਰਗਟਾਈ ਕਿ ਅਜਿਹੇ ਨਿਵੇਕਲੇ ਉਪਰਾਲੇ ਭਵਿੱਖ ਵਿੱਚ ਵੀ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ, ਸਮਾਜਿਕ ਜ਼ਿੰਮੇਵਾਰੀ ਅਤੇ ਮਨੁੱਖੀ ਕਦਰਾਂ-ਕੀਮਤਾਂ ਨੂੰ ਹੋਰ ਪ੍ਰਫੁੱਲਤ ਕਰਨ ਵਿੱਚ ਅਹਿਮ ਯੋਗਦਾਨ ਪਾਉਣਗੇ।