ਲਹਿਰਾਗਾਗਾ, 5 ਜੁਲਾਈ (ਅਸ਼ੋਕ ਗਰਗ) – ਬੀਤੇ ਦਿਨ ਸਥਾਨਕ ਸੋਸਾਇਟੀ ਫਾਰ ਐਜੂਕੇਸ਼ਨ ਐਂਡ ਅਵੈਅਰਨੈੱਸ ਇਨ ਬੈਕਵਰਡ ਏਰੀਅਜ਼ (ਸੀਬਾ) ਵਲੋਂ ਲਗਾਏ ਗਏ 10 ਰੋਜ਼ਾ ਚਿਲਡਰਨ ਪਰਸਨੈਲਿਟੀ ਡਿਵਲੈਪਮੈਂਟ ਕੈਂਪ ਕਮ ਵਰਕਸ਼ਾਪ ‘ਸਿਰਜਣਾ-2026’ ਸੰਪਨ ਹੋਇਆ ਜੋ ਕਿ ਮਾਨਸਿਕ ਤੰਦਰੁਸਤੀ ਨੂੰ ਸਮਰਪਿਤ ਸੀ।ਇਸ ਕੈਂਪ ਵਿਚ ਪੇਂਟਿੰਗ, ਕਲੇਅ ਮੌਡਲਿੰਗ, ਡਾਂਸ, ਗੁੱਡੀਆਂ-ਪਟੌਲੇ ਬਣਾਉਣਾ, ਨਿਸ਼ਾਨੇਬਾਜ਼ੀ, ਫੋਟੋਗ੍ਰਾਫੀ, ਡਾਕੂਮੈਂਟਰੀ ਮੇਕਿੰਗ, ਘੋੜਸਵਾਰੀ, ਥੀਏਟਰ, ਪੱਤਰਕਾਰੀ, ਲੱਕੜ, ਬਿਜਲੀ ਅਤੇ ਮਕੈਨੀਕਲ ਕੰਮਾਂ ਵਾਲੀ ਡਿਜ਼ਾਇਨ ਵਰਕਸ਼ਾਪ ਆਦਿ ਗਤੀਵਿਧੀਆਂ ਵਿਚ 500 ਕੈਂਪਰਾਂ ਨੇ ਬੜੇ ਸ਼ੌਂਕ ਨਾਲ ਭਾਗ ਲਿਆ।ਹਰ ਰੋਜ਼ ਸਵੇਰ ਦੀ ਸਭਾ ਦੌਰਾਨ ਪੁਰਾਣੇ ਗੀਤਾਂ ਉੱਪਰ ਚਿੱਤਰਹਾਰ ਵਾਂਗ ਨੱਚਣਾ, ਫੇਰ ਮੈਡੀਟੇਸ਼ਨ ਵੱਲ ਆਉਣਾ ਅਤੇ ‘ਮਨ ਜੀਤੇ ਜਗ ਜੀਤ’ ਦੇ ਗੁਰਵਾਕ ਵਾਂਗ ਹਮੇਸ਼ਾ ਚੜ੍ਹਦੀਕਲਾ ਵਾਲੀ ਭਾਵਨਾ ਦੇ ਵਿਚਾਰਾਂ ਦੀ ਸਾਂਝ ਪਾਉਣ ਉਪਰੰਤ ਕੈਂਪਰ ਆਪਣੀਆਂ-ਆਪਣੀਆਂ ਗਤੀਵਿਧੀਆਂ ਵੱਲ ਚੱਲ ਪੈਂਦੇ। ਸੰਗਰੂਰ ਤੋਂ ਆਏ ਰੰਗਕਰਮੀ ਯਸ਼, ਕਲਾ ਕੇਂਦਰ ਵਾਲੇ ਨੇ ਬੱਚਿਆਂ ਦੀ ਨਾਟਕਾਂ ਨਾਲ ਸਾਂਝ ਪਵਾਉਂਦੇ ਹੋਏ ਤਿੰਨ ਨਾਟਕ ਤਿਆਰ ਕਰਵਾਏ ਜਿਨ੍ਹਾਂ ਵਿੱਚ ਛੋਟੇ-ਛੋਟੇ ਬੱਚਿਆਂ ਨੇ ਬੜੇ ਚਾਅ ਨਾਲ ਕਮਾਲ ਦੀ ਅਦਾਕਾਰੀ ਕੀਤੀ। ਸਕੂਲ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ ਨੇ ਰੋਜ਼ਾਨਾ ਸਵੇਰ ਦੀ ਸਭਾ ਦੌਰਾਨ ਮੈਡੀਟੇਸ਼ਨ, ਧਿਆਨ ਅਤੇ ਪ੍ਰੇਰਨਾਤਮਕ ਵਿਚਾਰਾਂ ਦਾ ਅਭਿਆਸ ਕਰਵਾਇਆ। ਮਕੈਨਿਕ ਤਰਸੇਮ ਸਿੰਘ, ਹਰਵਿੰਦਰ ਸਿੰਘ ਅਤੇ ਹਰਜੀਤ ਲਾਡੀ ਨੇ ਵਰਕਸ਼ਾਪ ਵਿਚ ਬੱਚਿਆਂ ਨੂੰ ਮਾਰੂਤੀ ਕਾਰ ਦੇ ਇੰਜਣ, ਗੇਅਰ, ਬਰੇਕ ਅਤੇ ਸਟੇਅਰਿੰਗ ਨੂੰ ਆਪਣੇ ਹੱਥੀਂ ਪੂਰਾ ਖੋਲ੍ਹ ਕੇ ਪੂਰੀ ਤਕਨੀਕੀ ਜਾਣਕਾਰੀ ਲਈ ਔਜ਼ਾਰਾਂ ਦੀ ਵਰਤੋਂ ਕਰਨੀ ਸਿਖਾਈ। ਸੁਨੀਤਾ ਰਾਣੀ, ਰੀਮਾ ਰਾਣੀ, ਰਜਨੀ ਬਾਲਾ ਦੀ ਨਿਗਰਾਨੀ ਵਿਚ ਬੱਚਿਆਂ ਨੇ ਲੱਕੜੀ ਦੇ ਖਿਡੌਣੇ ਬਣਾਏ।ਸੋਨੀਆ ਜਾਖਲ ਨੇ ਬੱਚਿਆਂ ਨੂੰ ਮਿੱਟੀ ਦੀਆਂ ਮੂਰਤਾਂ ਅਤੇ ਚਿਹਰੇ ਬਣਾਉਣਾ ਸਿਖਾਇਆ। ਪਰਮਜੀਤ ਸੰਗਤਪੁਰਾ ਅਤੇ ਕਮਲਜੀਤ ਕੌਹਰੀਆਂ ਦੀ ਅਗਵਾਈ ਹੇਠ ਬੱਚਿਆਂ ਨੇ ਵਡੇਰੀ ਉਮਰ ਦੇ ਬਜ਼ੁਰਗਾਂ ਗਾਗਾ ਦੀ ਚਿੰਤ ਕੌਰ, ਭੁਟਾਲ ਕਲਾਂ ਦੇ ਪੰਡਿਤ ਦੇਵ ਰਾਜ ਆਦਿ ਜੀਵਣੀ ਆਧਾਰਿਤ ਇੰਟਰਵਿਊ ਕੀਤੀਆਂ। ਰੁਲਦੂ ਖਾਨ ਨੇ ਬੱਚਿਆਂ ਨੂੰ ਘੋੜ-ਸਵਾਈ ਕਰਵਾਈ। ਮੱਡ-ਗੇਮ ਪੂਰੇ ਕੈਂਪ ਦੌਰਾਨ ਖਿੱਚ ਦਾ ਕੇਂਦਰ ਬਣੀ ਰਹੀ। ਕੈਂਪ ਦੌਰਾਨ ਰੋਜ਼ਾਨਾ ਅਖ਼ਬਾਰ ਸੀਬਾ-ਨਿਊਜ਼ ਪ੍ਰਕਾਸ਼ਿਤ ਕੀਤਾ ਗਿਆ। ਬੱਚਿਆਂ ਲਈ ਹਰ ਰੋਜ਼ ਠੰਢੇ-ਮਿੱਠੇ ਪਾਣੀ ਦੀ ਛਬੀਲ ਲਗਦੀ ਸੀ। ਅੰਤਲੇ ਦਿਨ ਬੱਚਿਆਂ ਨੂੰ ਸਰਟੀਫਿਕੇਟ ਵੰਡੇ ਗਏ। ਮੈਡਮ ਅਮਨ ਢੀਂਡਸਾ ਨੇ ਕਿਹਾ ਕਿ ਭਾਵੇਂ ਦਸ ਦਿਨਾਂ ਵਿਚ ਬੱਚੇ ਇਸ ਕਲਾ ਵਿਚ ਸੰਪੂਰਨ ਨਹੀਂ ਹੋ ਸਕਦੇ ਪ੍ਰੰਤੂ ਉਹ ਜ਼ਿੰਦਗੀ ਦੀ ਪਹਿਲੀ ਪੌੜੀ ਉੱਪਰ ਹੀ ਸ਼ਖ਼ਸ਼ੀਅਤ ਨੂੰ ਨਿਖ਼ਾਰਨਾ ਸਿੱਖ ਲੈਂਦੇ ਹਨ। ਕੈਂਪ ਕੋਆਰਡੀਨੇਟਰ ਨੇਹਾ ਰਾਣੀ ਨੇ ਦੱਸਿਆ ਕਿ ਸੀਬਾ ਤੋਂ ਇਲਾਵਾ ਹੋਰਨਾਂ ਸਕੂਲਾਂ ਦੇ ਬੱਚਿਆਂ ਨੇ ਵੀ ਬੜੇ ਚਾਵਾਂ ਨਾਲ ਇਸ ਕੈਂਪ ਵਿਚ ਸ਼ਮੂਲੀਅਤ ਕੀਤੀ।