ਬਰਨਾਲਾ, 8 ਜੁਲਾਈ (ਨਰਿੰਦਰ ਅਰੋੜਾ)-ਸਫ਼ਾਈ ਕਾਮਿਆਂ ਦੀਆਂ ਲੰਬਿਤ ਮੰਗਾਂ ਨੂੰ ਲੈ ਕੇ ਬਰਨਾਲਾ ਨਗਰ ਨਿਗਮ ਦੇ ਸਫ਼ਾਈ ਸੇਵਕਾਂ ਨੇ ਇਕ ਵਾਰ ਫਿਰ ਮੋਰਚਾ ਖੋਲ੍ਹ ਦਿੱਤਾ ਹੈ। ਸਫ਼ਾਈ ਸੇਵਕ ਯੂਨੀਅਨ ਵਲੋਂ ਅਣਮਿਥੇ ਸਮੇਂ ਲਈ ‘ਕੰਮ ਛੋੜ ਹੜਤਾਲ’ ਕਰਨ ਦਾ ਫ਼ੈਸਲਾ ਕੀਤਾ ਹੈ। ਯੂਨੀਅਨ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਸੰਘਰਸ਼ ਜਾਰੀ ਰਹੇਗਾ। ਯੂਨੀਅਨ ਆਗੂਆਂ ਜ਼ਿਲ੍ਹਾ ਪ੍ਰਧਾਨ ਗੁਲਸ਼ਨ ਕੁਮਾਰ, ਸੱਤ ਪਾਲ ਰਿੰਕੂ, ਮੰਗਤ ਰਾਮ, ਬਿੰਦੂ ਰਾਣੀ, ਮੁਕੇਸ਼, ਰਮੇਸ਼ ਕੁਮਾਰ, ਵਿੱਕੀ, ਅਸ਼ੋਕ ਕੁਮਾਰ ਆਦਿ ਨੇ ਕਿਹਾ ਕਿ ਸਫ਼ਾਈ ਕਰਮਚਾਰੀ ਕੋਰੋਨਾ ਕਾਲ ਦੌਰਾਨ ਵੀ ਆਪਣੀ ਜਾਨ ਜੋਖ਼ਮ ਵਿਚ ਪਾ ਕੇ ਸ਼ਹਿਰ ਦੀ ਸਫ਼ਾਈ ਕਰਦੇ ਰਹੇ ਹਨ, ਪਰ ਅੱਜ ਤੱਕ ਉਨ੍ਹਾਂ ਨੂੰ ਬੁਨਿਆਦੀ ਸਹੂਲਤਾਂ ਤੋਂ ਵੀ ਵਾਂਝਾ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡੀਆਂ ਮੁੱਖ ਮੰਗਾਂ ਹਨ ਕੱਚੇ ਮੁਲਾਜ਼ਮ ਪੱਕੇ ਕਰੋ, ਡੀ.ਏ ਦੀਆਂ ਕਿਸ਼ਤਾਂ ਲਾਗੂ ਕਰੋ, ਬਰਾਬਰ ਕੰਮ-ਬਰਾਬਰ ਤਨਖ਼ਾਹ, 10 ਸਾਲਾ ਨੀਤੀ ਰੱਦ ਕਰੋ, ਪੁਰਾਣੀ ਪੈਨਸ਼ਨ ਬਹਾਲ ਕਰੋ, ਸਫ਼ਾਈ ਕਰਮਚਾਰੀਆਂ ਦੀ ਭਰਤੀ ਵਿਚ ਰੋਸਟਰ ਨਿਯਮਾਂ (ਰਾਖਵੇਂ ਕਰਨ) ਨੂੰ ਖ਼ਤਮ ਕਰੋ, ਠੇਕੇਦਾਰੀ ਸਿਸਟਮ ਜਾਂ ਕੰਟਰੈਕਟ ’ਤੇ ਕੰਮ ਕਰਦੇ ਮੁਲਾਜ਼ਮਾਂ ਦੀ ਮੌਤ ਹੋਣ ’ਤੇ ਉਸ ਦੇ ਵਾਰਸਾਂ ਨੂੰ ਤਰਸ ਦੇ ਆਧਾਰ ’ਤੇ ਨੌਕਰੀ ਦਿੱਤੀ ਜਾਵੇ, ਸ਼ਹਿਰੀ ਸੰਸਥਾ ਵਿਚ ਕੰਮ ਕਰਦੇ ਕਲਰਕ ਦੀ 15 ਸਾਲ ਦੀ ਸਰਵਿਸ ਪੂਰੀ ਹੋਣ ’ਤੇ ਲਾਜ਼ਮੀ ਇੰਸਪੈਕਟਰ ਅਤੇ ਪੰਪ ਆਪਰੇਟਰ ਨੂੰ 15 ਸਾਲ ਦੀ ਸਰਵਿਸ ਪੂਰੀ ਹੋਣ ’ਤੇ ਲਾਜ਼ਮੀ ਜੇ.ਈ. ਬਣਾਇਆ ਜਾਵੇ, ਸਫ਼ਾਈ ਸੇਵਕਾਂ, ਸੀਵਰਮੈਨ, ਫਾਇਰਮੈਨ, ਡਰਾਈਵਰ ਅਤੇ ਇਲੈਕਟਰੀਸ਼ਨ ਆਦਿ ਦਾ ਦੁਰਘਟਨਾ ਬੀਮਾ ਵਧਾ ਕੇ 20 ਲੱਖ ਕੀਤਾ ਜਾਵੇ ਅਤੇ ਹਰ ਸਾਲ ਕਰਵਾਉਣਾ ਯਕੀਨੀ ਬਣਾਇਆ ਜਾਵੇ, ਨਗਰ ਪੰਚਾਇਤਾਂ ਵਿਚ ਕੰਮ ਕਰਦੇ ਕੱਚੇ ਮੁਲਾਜ਼ਮਾਂ ਤੇ ਈ.ਪੀ.ਐਫ ਦੀ ਸੁਵਿਧਾ ਲਾਗੂ ਕੀਤੀ ਜਾਵੇ ਆਦਿ ਮੁੱਖ ਮੰਗਾਂ ਹਨ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਅਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਾਂ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ, ਸਾਨੂੰ ਭਰੋਸੇ ਤੋਂ ਬਿਨਾਂ ਕੁੱਝ ਨਹੀਂ ਮਿਲਿਆ। ਇਸ ਕਾਰਨ ਮਜਬੂਰਨ ਦੁਬਾਰਾ ਸੰਘਰਸ਼ ਦਾ ਰਾਹ ਅਪਣਾਉਣਾ ਪੈ ਰਿਹਾ ਹੈ। ਜੇਕਰ ਜਲਦੀ ਮੰਗਾਂ ਨਾ ਮੰਨੀਆਂ ਗਈਆਂ ਤਾਂ ਹੜਤਾਲ ਹੋਰ ਤਿੱਖੀ ਕੀਤੀ ਜਾਵੇਗੀ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।