ਅਮਰਗੜ੍ਹ, 8 ਜੁਲਾਈ (ਜਤਿੰਦਰ ਮੰਨਵੀ) - ਹਲਕਾ ਅਮਰਗੜ੍ਹ ‘ਚ ਐਕਸਾਈਜ਼ ਵਿਭਾਗ ਦੇ ਨਿਯਮਾਂ ਦੀ ਉਲੰਘਣਾ ਕਾਰਨ ਵਿਭਾਗ ਵੱਲੋਂ ਹਰਜਿੰਦਰ ਕਾਂਝਲਾ ਐਂਡ ਕੋ ਗੋਇਲ ਗਰੁੱਪ ਦੇ ਸ਼ਰਾਬ ਠੇਕੇ ਮੁਕੰਮਲ ਬੰਦ ਕਰਨ ਦੇ ਕੀਤੇ ਗਏ ਦਾਅਵਿਆਂ ਦੀ ਫੂਕ ਨਿਕਲਦੀ ਨਜ਼ਰ ਆਈ। ਬੀਤੇ ਦਿਨ ਭਾਵੇਂ ਵਿਭਾਗ ਨੇ ਵੱਡੀ ਕਾਰਵਾਈ ਕਰਦਿਆਂ ਠੇਕੇ ਬੰਦ ਕਰਵਾਉਣ ਦਾ ਦਾਅਵਾ ਕੀਤਾ ਸੀ, ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਬਿਆਨ ਕਰ ਰਹੀ ਹੈ। ਤਾਜ਼ਾ ਮਾਮਲੇ ‘ਚ ਹਲਕੇ ਦੇ ਕਈ ਪਿੰਡਾਂ ਅੰਦਰ ਠੇਕਿਆਂ ਤੋਂ ਬਾਹਰ ਕੁਝ ਵਿਅਕਤੀਆਂ ਵੱਲੋਂ ਸ਼ਰਾਬ ਵੇਚੇ ਜਾਣ ਦਾ ਸਨਸਨੀਖੇਜ਼ ਖ਼ੁਲਾਸਾ ਹੋਇਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਹਲਕੇ ਦੇ ਪਿੰਡ ਬਾਗੜੀਆਂ, ਦੁੱਗਰੀ ਅਤੇ ਕਈ ਹੋਰ ਪਿੰਡਾਂ ‘ਚ ਵਿਭਾਗ ਦੀ ਕਥਿਤ ਸਖ਼ਤੀ ਦੇ ਬਾਵਜੂਦ ਸ਼ਰਾਬ ਦੀ ਵਿਕਰੀ ਨਿਰੰਤਰ ਜਾਰੀ ਰਹੀ। ਦੇਖਿਆ ਗਿਆ ਕਿ ਠੇਕੇਦਾਰਾਂ ਦੇ ਕਰਿੰਦਿਆਂ ਨੇ ਬੇਖ਼ੌਫ਼ ਹੋ ਕੇ ਮੌਕੇ ਤੇ ਠੇਕਿਆਂ ਦੇ ਜਿੰਦੇ ਖੋਲ੍ਹੇ, ਅੰਦਰੋਂ ਸ਼ਰਾਬ ਕੱਢ ਕੇ ਗਾਹਕਾਂ ਨੂੰ ਵੇਚੀ ਅਤੇ ਮੁੜ ਸ਼ਟਰ ਬੰਦ ਕਰ ਦਿੱਤੇ। ਇੰਨਾ ਹੀ ਨਹੀਂ, ਬਾਗੜੀਆਂ ਸਮੇਤ ਕਈ ਪਿੰਡਾਂ ‘ਚ ਠੇਕਿਆਂ ਦੇ ਬਾਹਰ ਖੜ੍ਹੇ ਵਿਅਕਤੀ ਵੀ ਸ਼ਰੇਆਮ ਸ਼ਰਾਬ ਵੇਚਦੇ ਨਜ਼ਰ ਆਏ, ਜਿਨ੍ਹਾਂ ਦੇ ਮਨਾਂ ‘ਚ ਕਾਨੂੰਨ ਦਾ ਕੋਈ ਖ਼ੌਫ਼ ਦਿਖਾਈ ਨਹੀਂ ਦਿੱਤਾ।ਇਸ ਸਬੰਧੀ ਜਦੋਂ ਐਕਸਾਈਜ਼ ਇੰਸਪੈਕਟਰ ਜਸਵਿੰਦਰ ਕੌਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਆਪਣਾ ਪੱਲਾ ਝਾੜਦਿਆਂ ਕਿਹਾ ਕਿ ਮੇਰੇ ਕੋਲ ਕਾਰਵਾਈ ਕਰਨ ਦਾ ਕੋਈ ਅਧਿਕਾਰ ਨਹੀਂ ਹੈ, ਤੁਸੀਂ ਸਾਡੇ ਉੱਚ ਅਧਿਕਾਰੀਆਂ ਨਾਲ ਗੱਲ ਕਰੋ।ਉਧਰ ਐਕਸਾਈਜ਼ ਵਿਭਾਗ ਦੇ ਅਸਿਸਟੈਂਟ ਕਮਿਸ਼ਨਰ ਗੁਲਸ਼ਨ ਰਾਏ ਹੂਰੀਆ ਦਾ ਕਹਿਣਾ ਹੈ ਕਿ ਚਾਰ ਇੰਸਪੈਕਟਰ ਅਮਰਗੜ੍ਹ ਹਲਕੇ ‘ਚ ਠੇਕਿਆਂ ਦੀ ਨਿਗਰਾਨੀ ਕਰ ਰਹੇ ਸਨ।ਜਦੋਂ ਉੱਚ ਅਧਿਕਾਰੀਆਂ ਨੂੰ ਸ਼ਰਾਬ ਦੀ ਗੈਰ-ਕਾਨੂੰਨੀ ਵਿਕਰੀ ਸਬੰਧੀ ਪੁਖ਼ਤਾ ਸਬੂਤ ਦੇਣ ਦੀ ਗੱਲ ਕਹੀ ਗਈ, ਤਾਂ ਉਨ੍ਹਾਂ ਟਾਲਮਟੋਲ ਕਰਦਿਆਂ ਕਿਹਾ ਕਿ ਜੇਕਰ ਮੌਕੇ ਦੀ ਕੋਈ ਫੋਟੋ ਮਿਲ ਜਾਂਦੀ ਤਾਂ ਉਹ ਚਾਲਾਨ ਕਰ ਦਿੰਦੇ। ਪਰ ਇੱਥੇ ਵੱਡਾ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਜਦੋਂ ਅਧਿਕਾਰੀਆਂ ਨੇ ਬੀਤੇ ਦਿਨ ਫੋਨ ਹੀ ਨਹੀਂ ਚੁੱਕਿਆ, ਤਾਂ ਸ਼ਰਾਬ ਦੀ ਇਸ ਨਾਜਾਇਜ਼ ਵਿਕਰੀ ਸਬੰਧੀ ਜਾਣਕਾਰੀ ਉਨ੍ਹਾਂ ਤੱਕ ਕਿਵੇਂ ਪਹੁੰਚਾਈ ਜਾ ਸਕਦੀ ਸੀ? ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਵੱਲੋਂ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲਿਆਂ ਖ਼ਿਲਾਫ਼ ਕੋਈ ਠੋਸ ਕਾਰਵਾਈ ਨਾ ਕਰਨਾ, ਵਿਭਾਗ ਦੀ ਕਾਰਗੁਜ਼ਾਰੀ ਤੇ ਕਈ ਗੰਭੀਰ ਸਵਾਲ ਖੜ੍ਹੇ ਕਰਦਾ ਹੈ।