ਸੰਗਰੂਰ, 9 ਜੁਲਾਈ (ਅਮਨਦੀਪ ਸਿੰਘ ਬਿੱਟਾ) – ਭੀਮ ਆਰਮੀ ਭਾਰਤ ਏਕਤਾ ਮਿਸ਼ਨ ਦਾ ਵਫਦ ਕਰਨੈਲ ਸਿੰਘ ਨੀਲੋਵਾਲ, ਕੈਪਟਨ ਹਰਭਜਨ ਸਿੰਘ, ਪ੍ਰਦੀਪ ਸਿੰਘ , ਜਗਸੀਰ ਸਿੰਘ ਕੈਂਮਪਰ ਦੀ ਅਗਵਾਈ ਹੇਠ ਏ.ਡੀ.ਸੀ ਸੰਗਰੂਰ ਨੂੰ ਮਿਲਿਆ। ਵਫਦ ਨੇ ਅਧਿਕਾਰੀ ਨੂੰ ਮੰਗ ਪੱਤਰ ਦਿੰਦਿਆਂ ਇਹ ਮੰਗ ਜੋਰਦਾਰ ਢੰਗ ਨਾਲ ਉਠਾਈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵਿਚ ਲੈਕਚਰਾਰਾਂ ਦੀ ਭਰਤੀ ਸਮੇਂ ਸੰਵਿਧਾਨ ਵਿਚ ਨਾਮਜਦ ਅਨੁਸੂਚਿਤ ਜਾਤੀਆਂ, ਅਨੂਸੂਚਿਤ ਕਬੀਲੇ ਅਤੇ ਪਛੜੇ ਵਰਗਾਂ ਦੇ ਰਿਜਰਵੇਸ਼ਨ ਨੂੰ ਛਿੱਕੇ ਟੰਗ ਕੇ ਨੋਟੀਫਿਕੇਸ਼ਨ ਕੱਢਿਆ ਗਿਆ ਹੈ। ਉਨ੍ਹਾਂ ਨੋਟੀਫਿਕੇਸ਼ਨ ਦੀ ਕਾਪੀ ਵੀ ਮੰਗ ਪੱਤਰ ਨਾਲ ਨੱਥੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਰਵੱਈਏ ਨਾਲ ਉਪਰੋਕਤ ਕਬੀਲਿਆਂ, ਵਰਗਾਂ ਦੇ ਹਿੱਤਾਂ ਨੂੰ ਭਾਰੀ ਠੇਸ ਪੁੱਜੀ ਹੈ। ਉਨ੍ਹਾਂ ਕਿਹਾ ਕਿ ਭੀਮ ਆਰਮੀ ਭਾਰਤ ਏਕਤਾ ਮਿਸ਼ਨ ਮੰਗ ਕਰਦਾ ਹੈ ਕਿ ਅਜਿਹੇ ਨੋਟੀਫਿਕੇਸ਼ਨ ਨੂੰ ਰੱਦ ਕਰ ਕੇ ਪੰਜਾਬ ਵਿਚ ਅਨੁਸੂਚਿਤ ਜਾਤੀਆਂ, ਅਨੁਸੂਚਿਤ ਕਬੀਲਿਆਂ, ਪਛੜੇ ਵਰਗਾਂ ਦੇ ਰਿਜਰਵੇਸ਼ਨ ਦੇ ਅਸਲੀ ਮਾਪਦੰਡਾਂ ਨੂੰ ਇੰਨ ਬਿੰਨ ਲਾਗੂ ਕਰ ਕੇ ਉਨ੍ਹਾਂ ਨੂੰ ਬਣਦਾ ਇਨਸਾਫ ਦਿੱਤਾ ਜਾਵੇ। ਇਸ ਮੌਕੇ ਵਫਦ ਵਿਚ ਭੀਮ ਸਿੰਘ ਭੁੱਕਲ, ਹਰਭਜਨ ਸਿੰਘ, ਗੁਰਪ੍ਰੀਤ ਸਿੰਘ, ਡਿੰਪਲ ਸਿੰਘ ਧੂਰੀ, ਸੂਬੇਦਾਰ ਗੁਰਦਾਸ ਸਿੰਘ, ਸਿਮਰਨ ਕੌਰ ਅਤੇ ਜੱਗਾ ਸਿੰਘ ਮੌਜੂਦ ਸਨ।