ਮਲੇਰਕੋਟਲਾ, 9 ਜੁਲਾਈ (ਮੁਹੰਮਦ ਹਨੀਫ਼ ਥਿੰਦ)- ਆਮ ਤੌਰ ਪਾਰਟੀ ਦੇ ਸੀਨੀਅਰ ਆਗੂ ਅਤੇ ਮਾਰਕਿਟ ਕਮੇਟੀ ਮਲੇਰਕੋਟਲਾ ਦੇ ਚੇਅਰਮੈਨ ਜਾਫ਼ਰ ਅਲੀ ਭੈਣੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਲੋਕ ਭਲਾਈ ਦੀਆਂ ਗਾਰੰਟੀਆਂ ਨੂੰ ਇਕ-ਇਕ ਕਰਕੇ ਪੂਰਾ ਕਰ ਰਹੀ ਹੈ ਅਤੇ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਲਾਗੂ ਕਰਕੇ ਸਰਕਾਰ ਨੇ ਆਪਣੀ ਆਖ਼ਰੀ ਗਾਰੰਟੀ ਵੀ ਪੂਰੀ ਕਰ ਦਿੱਤੀ ਹੈ।ਉਨ੍ਹਾਂ ਕਿਹਾ ਕਿ ਇਹ ਯੋਜਨਾ ਸੂਬੇ ਦੀਆਂ ਮਹਿਲਾਵਾਂ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਕਰਨ, ਉਨ੍ਹਾਂ ਦੇ ਸਨਮਾਨ ਵਿਚ ਵਾਧਾ ਕਰਨ ਅਤੇ ਨਾਰੀ ਸਸ਼ਕਤੀਕਰਨ ਨੂੰ ਨਵੀਂ ਦਿਸ਼ਾ ਦੇਣ ਵਾਲੀ ਇਕ ਇਤਿਹਾਸਕ ਅਤੇ ਲੋਕ ਭਲਾਈ ਪਹਿਲ ਹੈ। ਇਸ ਨਾਲ ਮਹਿਲਾਵਾਂ ਨੂੰ ਆਤਮ-ਨਿਰਭਰ ਬਣਨ ਵਿਚ ਮਦਦ ਮਿਲੇਗੀ ਅਤੇ ਪਰਿਵਾਰ ਤੇ ਸਮਾਜ ਵਿਚ ਉਨ੍ਹਾਂ ਦੀ ਭੂਮਿਕਾ ਹੋਰ ਮਜ਼ਬੂਤ ਹੋਵੇਗੀ। ਉਨ੍ਹਾਂ ਕਿਹਾ ਕਿ ਮਲੇਰਕੋਟਲਾ ਦੇ ਵਿਧਾਇਕ ਡਾ. ਮੁਹੰਮਦ ਜਮੀਲ ਉਰ ਰਹਿਮਾਨ ਹਲਕੇ ਦੇ ਲੋਕਾਂ ਦੇ ਕੰਮ ਪਹਿਲ ਦੇ ਅਧਾਰ ਤੇ ਕਰਦੇ ਆ ਰਹੇ ਹਨ। ਉਹਨਾਂ ਕਿਹਾ ਕਿ ਪਹਿਲੀਆਂ ਸਰਕਾਰਾਂ ਵੇਲੇ ਵਿਧਾਇਕਾਂ ਨੂੰ ਮਿਲਣਾ ਬਹੁਤ ਮੁਸ਼ਕਿਲ ਹੁੰਦਾ ਸੀ, ਵਿਧਾਇਕ ਡਾ. ਰਹਿਮਾਨ ਨੂੰ ਕੋਈ ਵੀ ਵਿਅਕਤੀ ਆਪਣੇ ਕੰਮ ਲਈ ਕਿਸੇ ਵੀ ਸਮੇਂ ਮਿਲ ਸਕਦਾ ਹੈ ਉਹਨਾਂ ਦਾ ਕੰਮ ਪਹਿਲ ਦੇ ਅਧਾਰ ਤੇ ਤੁਰੰਤ ਕੀਤਾ ਜਾਂਦਾ ਹੈ, ਕਿਸੇ ਵੀ ਵਿਅਕਤੀ ਨੂੰ ਕੋਈ ਮੁਸ਼ਕਿਲ ਨਹੀਂ ਆਉਂਦੀ ਇਸ ਲਈ ਹਲਕੇ ਦੇ ਲੋਕ 2027 ਵਿਚ ਵੀ ਵਿਧਾਇਕ ਡਾ. ਮੁਹੰਮਦ ਜਮੀਲ ਉਰ ਰਹਿਮਾਨ ਨੂੰ ਦੁਬਾਰਾ ਵਿਧਾਇਕ ਚਾਹੁੰਦੇ ਹਨ ਤੇ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਦੁਬਾਰਾ ਸੱਤਾ ਵਿਚ ਆਵੇਗੀ। ਚੇਅਰਮੈਨ ਜ਼ਾਫ਼ਰ ਅਲੀ ਨੇ ਦੱਸਿਆ ਕਿ ਜਨਰਲ ਵਰਗ ਦੀਆਂ ਮਹਿਲਾਵਾਂ ਨੂੰ ਹਰ ਮਹੀਨੇ 1000 ਰੁਪਏ ਅਤੇ ਅਨੁਸੂਚਿਤ ਜਾਤੀ ਵਰਗ ਦੀਆਂ ਯੋਗ ਮਹਿਲਾਵਾਂ ਨੂੰ 1500 ਰੁਪਏ ਸਿੱਧੇ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਭੇਜੇ ਜਾ ਰਹੇ ਹਨ।