ਫ਼ਿਰੋਜ਼ਪੁਰ, 23 ਜਨਵਰੀ (ਰਾਕੇਸ਼ ਚਾਵਲਾ)-ਜ਼ਿਲ੍ਹਾ ਪੁਲਿਸ ਵਲੋਂ ਮਾੜੇ ਅਨਸਰਾਂ ਤੇ ਚੋਰਾਂ ਵਿਰੁੱਧ ਵਿੱਢੀ ਗਈ ਮੁਹਿੰਮ ਤਹਿਤ ਥਾਣਾ ਫ਼ਿਰੋਜ਼ਪੁਰ ਕੈਂਟ ਦੀ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਿਲ ਹੋਈ, ਜਦੋਂ ਉਨ੍ਹਾਂ ਨੇ ਚੋਰੀ ਦੇ ਚਾਰ ਵਾਹਨਾਂ ਸਮੇਤ ਤਿੰਨ ਨੌਜਵਾਨਾਂ ਨੂੰ ਗਿ੍ਫ਼ਤਾਰ ਕੀਤਾ | ਇਹ ਕਾਰਵਾਈ ਚੁੰਗੀ ਨੰਬਰ ਸੱਤ ਦੇ ਨੇੜੇ ਸਥਿਤ ਸ਼ਮਸ਼ਾਨਘਾਟ ਕੋਲ ਕੀਤੀ ਗਈ | ਦੋਸ਼ੀਅਨ ਦੀ ਪਛਾਣ ਤੇ ਗਿ੍ਫ਼ਤਾਰੀ ਮਾਮਲੇ ਦੀ ਜਾਣਕਾਰੀ ਦਿੰਦਿਆਂ ਥਾਣਾ ਕੈਂਟ ਫ਼ਿਰੋਜ਼ਪੁਰ ਦੇ ਐੱਸ. ਐੱਚ. ਓ. ਸੁਖਚੈਨ ਮਹਿਤਾ ਨੇ ਦੱਸਿਆ ਕਿ ਪੁਲਿਸ ਨੂੰ ਖ਼ਾਸ ਮੁਖ਼ਬਰ ਨੇ ਸੂਚਨਾ ਦਿੱਤੀ ਸੀ ਕਿ ਵਾਹਨ ਚੋਰੀ ਕਰਨ ਵਾਲੇ ਕੁੱਝ ਨੌਜਵਾਨ ਇਲਾਕੇ 'ਚ ਸਰਗਰਮ ਹਨ | ਇਸ 'ਤੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਟੀਮ ਨੇ ਦੱਸੀ ਗਈ ਜਗ੍ਹਾ 'ਤੇ ਛਾਪੇਮਾਰੀ ਕੀਤੀ ਅਤੇ ਤਿੰਨ ਮੈਂਬਰਾਂ ਨੂੰ ਮੌਕੇ 'ਤੇ ਹੀ ਦਬੋਚ ਲਿਆ | ਫੜੇ ਗਏ ਮੁਲਜ਼ਮਾਂ ਦੀ ਪਛਾਣ, ਮਨੀਸ਼ ਕੁਮਾਰ ਉਰਫ਼ ਮਨੀ ਵਾਸੀ ਗਵਾਲ ਮੰਡੀ, ਅਮੋਲਕ ਸਿੰਘ ਵਾਸੀ ਬਾਨੋਵਾਲਾ ਵਿਹੜਾ, ਅਮਨਦੀਪ ਸਿੰਘ ਵਾਸੀ ਹਰਨਾਮਪੁਰਾ, ਕੋਟਕਪੂਰਾ ਵਜੋਂ ਹੋਈ ਹੈ | ਪੁਲਿਸ ਵਲੋਂ ਦੋਸ਼ੀਅਨ ਦੀ ਨਿਸ਼ਾਨਦੇਹੀ 'ਤੇ ਚੋਰੀ ਕੀਤੇ ਗਏ ਕੁਲ 4 ਵਾਹਨ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ਵਿਚ 1 ਬਿਨਾਂ ਨੰਬਰੀ ਕਾਲੇ ਰੰਗ ਦਾ ਸਪਲੈਂਡਰ ਮੋਟਰਸਾਈਕਲ, 1 ਹੀਰੋ ਹੌਂਡਾ ਡੀਲਕਸ ਪ੍ਰੋ ਮੋਟਰਸਾਈਕਲ, 1 ਐਕਟਿਵਾ ਸਕੂਟਰੀ, ਇਕ ਹੋਰ ਮੋਟਰਸਾਈਕਲ ਬਰਾਮਦ ਕੀਤਾ ਹੈ | ਐੱਸ. ਐੱਚ. ਓ. ਮਹਿਤਾ ਨੇ ਦੱਸਿਆ ਕਿ ਇਹ ਤਿੰਨੋਂ ਮਿਲ ਕੇ ਵਾਹਨ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ | ਪੁਲਿਸ ਵਲੋਂ ਇਨ੍ਹਾਂ ਖ਼ਿਲਾਫ਼ ਬਣਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਹੁਣ ਇਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹ ਵਾਹਨ ਕਿੱਥੋਂ ਚੋਰੀ ਕੀਤੇ ਗਏ ਸਨ ਅਤੇ ਇਨ੍ਹਾਂ ਦੇ ਹੋਰ ਸਾਥੀ ਕੌਣ ਹਨ | ਆਉਣ ਵਾਲੇ ਦਿਨਾਂ 'ਚ ਹੋਰ ਵੀ ਕਈ ਅਹਿਮ ਖ਼ੁਲਾਸੇ ਹੋਣ ਦੀ ਉਮੀਦ ਹੈ |