ਫ਼ਾਜ਼ਿਲਕਾ, 31 ਜਨਵਰੀ (ਦਵਿੰਦਰ ਪਾਲ ਸਿੰਘ)-ਯੂਕੋ ਬੈਂਕ ਫ਼ਾਜ਼ਿਲਕਾ ਵਲੋਂ ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ 'ਸਵੱਛ ਭਾਰਤ ਪੰਦ੍ਹਰਵਾੜੇ' ਦੇ ਸੰਬੰਧ 'ਚ ਸਥਾਨਕ ਡੀ. ਏ. ਵੀ. ਸੀਨੀਅਰ ਸੈਕੰਡਰੀ ਸਕੂਲ ਵਿਖੇ ਪੇਂਟਿੰਗ ਮੁਕਾਬਲੇ ਦਾ ਆਯੋਜਨ ਕੀਤਾ | ਇਸ ਮੁਕਾਬਲੇ 'ਚ 5ਵੀਂ ਤੋਂ 10ਵੀਂ ਜਮਾਤ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਯੂਕੋ ਬੈਂਕ ਦੇ ਇੰਚਾਰਜ ਯਸ਼ਵਰਧਨ ਅਗਰਵਾਲ ਨੇ ਦੱਸਿਆ ਕਿ ਬੈਂਕ ਵਲੋਂ ਦੇਸ਼ ਭਰ 'ਚ ਅਜਿਹੇ ਪ੍ਰੋਗਰਾਮ ਕਰਵਾਏ ਜਾ ਰਹੇ ਹਨ ਤਾਂ ਜੋ ਸਵੱਛਤਾ ਮੁਹਿੰਮ ਨੂੰ ਹੋਰ ਹੁਲਾਰਾ ਦਿੱਤਾ ਜਾ ਸਕੇ | ਉਨ੍ਹਾਂ ਕਿਹਾ ਕਿ ਵਿਦਿਆਰਥੀ ਦੇਸ਼ ਦੀ ਨੀਂਹ ਹੁੰਦੇ ਹਨ, ਇਸ ਲਈ ਉਨ੍ਹਾਂ ਨੂੰ ਆਪਣੇ ਆਲੇ-ਦੁਆਲੇ ਦੀ ਸਫ਼ਾਈ ਪ੍ਰਤੀ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ | ਇਸ ਮੁਕਾਬਲੇ ਵਿਚ ਵਿਦਿਆਰਥੀਆਂ ਨੇ ਆਪਣੀ ਕਲਾ ਰਾਹੀਂ ਸਵੱਛਤਾ ਦਾ ਸੰਦੇਸ਼ ਦਿੱਤਾ | ਬੈਂਕ ਵਲੋਂ ਪਹਿਲੇ ਪੰਜ ਸਥਾਨਾਂ 'ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਇਨਾਮਾਂ ਨਾਲ ਨਿਵਾਜਿਆ ਅਤੇ ਬਾਕੀ ਸਾਰੇ ਭਾਗੀਦਾਰਾਂ ਦਾ ਵੀ ਸਨਮਾਨ ਕੀਤਾ | ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਸਕੂਲ ਦੇ ਪਿ੍ੰਸੀਪਲ ਸ੍ਰੀ ਰਾਜੇਸ਼ ਚੌਹਾਨ ਅਤੇ ਸਮੂਹ ਸਟਾਫ਼ ਦਾ ਵਿਸ਼ੇਸ਼ ਸਹਿਯੋਗ ਰਿਹਾ | ਬੈਂਕ ਵਲੋਂ ਸਹਾਇਕ ਮੈਨੇਜਰ ਪ੍ਰਸ਼ਾਂਤ ਯਾਦਵ, ਮੈਡਮ ਰੁਪਿੰਦਰ ਕੌਰ, ਸੋਨੂੰ ਕੁਮਾਰ, ਸ਼ਾਮ ਲਾਲ, ਮੈਡਮ ਚਰਨਜੀਤ ਕੌਰ ਤੇ ਸੁਨੀਲ ਕੁਮਾਰ ਨੇ ਇਸ ਮੁਹਿੰਮ ਵਿਚ ਅਹਿਮ ਭੂਮਿਕਾ ਨਿਭਾਈ |