ਵਿਆਹ ਦੇ ਨਾਂਅ 'ਤੇ ਠੱਗੀ ਮਾਰਨ ਦੇ ਮਾਮਲੇ 'ਚ ਫ਼ਿਰੋਜ਼ਪੁਰ ਅਦਾਲਤ ਵਲੋਂ ਤਿੰਨ ਬਰੀ
ਅਜੀਤ ਡੈਸਕ
05-02-2026
ਫ਼ਿਰੋਜ਼ਪੁਰ, 4 ਫਰਵਰੀ (ਰਾਕੇਸ਼ ਚਾਵਲਾ)-ਵਿਆਹ ਦੇ ਨਾਮ 'ਤੇ ਠੱਗੀ ਮਾਰਨ ਦੇ ਮਾਮਲੇ 'ਚ ਫ਼ਿਰੋਜ਼ਪੁਰ ਦੀ ਅਦਾਲਤ ਨੇ ਨਾਮਜ਼ਦ ਤਿੰਨ ਵਿਅਕਤੀਆਂ ਨੂੰ ਬਰੀ ਕੀਤਾ ਹੈ | ਮਿਲੀ ਜਾਣਕਾਰੀ ਅਨੁਸਾਰ ਥਾਣਾ ਕੈਂਟ ਪੁਲਿਸ ਨੂੰ ਦਿੱਤੇ ਬਿਆਨ 'ਚ ਮੁਦਈਆ ਦਰਸ਼ਨਾਂ ਦੇਵੀ ਪਤਨੀ ਵਜ਼ੀਰ ਚੰਦ ਵਾਸੀ ਗਾਵ ਚੁੱਘੇ ਅਲੀ ਨੇੜੇ ਪਿੰਡ ਚੌਕੀ ਥਾਣਾ ਸਦਰ ਫ਼ਤਿਆਬਾਦ ਹਰਿਆਣਾ ਨੇ ਦੱਸਿਆ ਕਿ ਉਸ ਦੇ ਵੱਡੇ ਲੜਕੇ ਰਵੀ ਕੁਮਾਰ ਦੀ ਸ਼ਾਦੀ ਕਰਨ ਵਾਸਤੇ ਲੜਕੀ ਦੀ ਜ਼ਰੂਰਤ ਸੀ ਤਾਂ ਮੇਰੇ ਜਵਾਈ ਲਵਲੀ ਨੇ ਦੱਸ ਪਾਈ ਕਿ ਫ਼ਿਰੋਜ਼ਪੁਰ ਵਿਖੇ ਇਕ ਲੜਕੀ ਹੈ | ਜਿਸ ਦਾ ਰਿਸ਼ਤਾ ਕਰਵਾ ਦਿੰਦੇ ਹਾਂ | ਮੈਂ ਵਿਚੋਲੇ ਦੇ ਕਹਿਣ 'ਤੇ ਆਪਣੇ ਲੜਕੇ ਦਾ ਵਿਆਹ ਕਰਨ ਨੂੰ ਤਿਆਰ ਹੋ ਗਈ | ਮਿਤੀ 30-08-2022 ਨੂੰ ਮੇਰਾ ਲੜਕਾ ਰਵੀ ਕੁਮਾਰ ਆਦਿ ਰਿਸ਼ਤੇਦਾਰਾਂ ਨਾਲ ਫ਼ਿਰੋਜ਼ਪੁਰ ਪਹੁੰਚ ਗਏ ਤਾਂ ਅਸੀਂ ਕਿਹਾ ਕਿ ਪਹਿਲਾਂ ਸਾਨੂੰ ਲੜਕੀ ਅਤੇ ਉਸ ਦੇ ਪਰਿਵਾਰ ਦਾ ਕੋਈ ਸਬੂਤ ਦਿਖਾਓ ਤਾਂ ਸਾਨੂੰ ਇਕ ਆਧਾਰ ਕਾਰਡ ਮੀਤ ਅਰੋੜਾ ਅਤੇ ਇਕ ਲੜਕੀ ਤਾਰਾ ਅਰੋੜਾ ਨਾਮ ਦੇ ਆਧਾਰ ਕਾਰਡ ਦੀ ਫ਼ੋਟੋ ਕਾਪੀ ਦਿਖਾਈ | ਮੁਦਈਆ ਨੇ ਅੱਗੇ ਦੱਸਿਆ ਕਿ ਜਿਸ ਲੜਕੀ ਦੀ ਸ਼ਾਦੀ ਮੇਰੇ ਲੜਕੇ ਨਾਲ ਹੋਣੀ ਸੀ, ਉਸ ਨੂੰ ਮਿਲਾਇਆ | ਜਿਸ ਨੇ ਆਪਣਾ ਨਾਂਅ ਤਾਰਾ ਅਰੋੜਾ ਦੱਸਿਆ ਅਤੇ ਲੜਕੇ ਮੀਤ ਅਰੋੜਾ ਦੋਵੇਂ ਆਪਸ ਵਿਚ ਭੈਣ ਭਰਾ ਦੱਸਿਆ ਗਿਆ | ਲੜਕੇ ਦੀ ਸ਼ਾਦੀ ਲਈ ਫ਼ਿਰੋਜ਼ਪੁਰ ਕੈਂਟ ਦੇ ਬੱਸ ਅੱਡਾ ਨੇੜੇ ਇਕ ਮੰਦਰ ਪਹੁੰਚ ਗਏ ਅਤੇ ਵਿਚੋਲੇ ਪ੍ਰਕਾਸ਼ ਨੂੰ 31000 ਰੁਪਏ ਦੇ ਦਿੱਤੇ | ਲਾਵਾਂ ਫੇਰੇ ਕਰਨ ਸਮੇਂ ਮੰਦਰ ਦੇ ਪੁਜਾਰੀ ਨੂੰ ਲੜਕੇ ਦੇ ਆਈ.ਡੀ. ਪਰੂਫ਼ ਅਤੇ ਸ਼ਾਦੀ ਵਾਲੀ ਲੜਕੀ ਤਾਰਾ ਅਰੜਾ ਦੇ ਆਈ.ਡੀ. ਪਰੂਫ਼ ਦੀ ਫ਼ੋਟੋ ਕਾਪੀ ਦਿੱਤੀ ਤਾਂ ਮੰਦਰ ਦੇ ਪੁਜਾਰੀ ਨੇ ਕਿਹਾ ਕਿ ਇਸ ਆਈ.ਡੀ. ਦੇ ਨਾਂਅ ਵਾਲੀ ਲੜਕੀ ਦੀ ਕੱਲ੍ਹ ਵੀ ਸ਼ਾਦੀ ਕਰਵਾਈ ਹੈ | ਸ਼ੱਕ ਪੈਣ 'ਤੇ ਅਸੀਂ ਪੁਲਿਸ ਨੂੰ ਇਤਲਾਹ ਦਿੱਤੀ | ਮਾਮਲੇ ਦੀ ਤਫ਼ਤੀਸ਼ ਕਰਨ ਉਪਰੰਤ ਪੁਲਿਸ ਨੇ 31 ਅਗਸਤ 2022 ਨੂੰ ਦਰਜ ਕੀਤੇ ਮਾਮਲੇ 'ਚ ਜਸਵਿੰਦਰ ਸਿੰਘ ਉਰਫ਼ ਗਿੱਲ ਪੁੱਤਰ ਜੀਤ ਸਿੰਘ ਵਾਸੀ ਇੰਦਰਾ ਕਾਲੋਨੀ ਫ਼ਿਰੋਜ਼ਪੁਰ ਕੈਂਟ, ਗਗਨਦੀਪ ਕੌਰ ਪਤਨੀ ਬਲਦੇਵ ਸਿੰਘ, ਨੇਹਾ ਸ਼ਰਮਾ ਪਤਨੀ ਰੋਹਿਤ ਸ਼ਰਮਾ ਵਾਸੀ ਅੰਬਾਲਾ, ਓਮ ਪ੍ਰਕਾਸ਼ ਉਰਫ਼ ਪੁੱਤਰ ਹਰੀ ਸਿੰਘ, ਤਾਰਾ ਅਰੋੜਾ ਅਸਲ ਨਾਮ ਰੋਜ਼ੀ, ਮੀਤ ਅਰੋੜਾ ਅਸਲ ਨਾਮ ਗੁਰਮੀਤ ਸਿੰਘ ਅਤੇ ਵੀਨਾ ਸ਼ਰਮਾ ਪਤਨੀ ਦਵਿੰਦਰ ਕੁਮਾਰ ਸ਼ਰਮਾ ਵਾਸੀ ਹਰਿਆਣਾ ਨੂੰ ਨਾਮਜ਼ਦ ਕਰ ਚਲਾਨ ਪੇਸ਼ ਕੀਤਾ | ਚੱਲੇ ਮਾਮਲੇ 'ਚ ਬਚਾਅ ਪੱਖ ਦੇ ਵਕੀਲ ਠਾਕੁਰ ਵਿਕਰਮ ਸਿੰਘ ਵਲੋਂ ਪੈਰਵੀ ਕੀਤੀ ਗਈ | ਜਿਸ ਦੇ ਚਲਦੇ ਜੁਡੀਸ਼ੀਅਲ ਮੈਜਿਸਟਰੇਟ ਫ਼ਸਟ ਕਲਾਸ ਫ਼ਿਰੋਜ਼ਪੁਰ ਹਰਪ੍ਰੀਤ ਕੌਰ ਦੀ ਅਦਾਲਤ ਨੇ ਨਾਮਜ਼ਦ ਗੁਰਮੀਤ ਸਿੰਘ, ਗਗਨਦੀਪ ਕੌਰ ਅਤੇ ਜਸਵਿੰਦਰ ਸਿੰਘ ਨੂੰ ਬਰੀ ਕਰ ਦਿੱਤਾ | ਜਦ ਕਿ ਬਾਕੀ ਮੁਲਜ਼ਮ ਭਗੌੜੇ ਕਰਾਰ ਦਿੱਤੇ ਗਏ |