ਮੁੱਦਕੀ, 20 ਫਰਵਰੀ (ਭੁਪਿੰਦਰ ਸਿੰਘ)-2027 ਦੀਆਂ ਵਿਧਾਨ ਸਭਾ ਚੋਣਾਂ 'ਚ ਬਾਕੀ ਰਵਾਇਤੀ ਪਾਰਟੀਆਂ ਨੂੰ ਮਾਤ ਦੇਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਫ਼ਿਰੋਜ਼ਪੁਰ ਵਿਖੇ ਕੀਤੀ ਜਾ ਰਹੀ 24 ਦੀ ਰੈਲੀ ਨੂੰ ਲੈ ਕੇ ਕਸਬਾ ਮੁੱਦਕੀ ਅਤੇ ਆਸ-ਪਾਸ ਦੇ ਪਿੰਡਾਂ ਦੇ ਟਕਸਾਲੀ ਆਗੂ ਤੇ ਅਕਾਲੀ ਵਰਕਰ ਪੱਬਾਂ ਭਾਰ ਹੋਏ ਫਿਰਦੇ ਹਨ | ਇਹ ਪ੍ਰਗਟਾਵਾ ਸੀਨੀਅਰ ਅਕਾਲੀ ਆਗੂ ਮਹਾਂਬੀਰ ਸਿੰਘ ਧਾਲੀਵਾਲ (ਸੇਵਾ ਮੁਕਤ ਐੱਸ. ਡੀ. ਓ.) ਤੇ ਸਮਾਜ ਸੇਵੀ ਅਤੇ ਲੰਮੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਬਲਵਿੰਦਰ ਸਿੰਘ ਖੁਰਮੀ ਜਿਊਲਰਜ਼ ਨੇ ਇਥੇ ਕੀਤਾ | ਉਕਤ ਆਗੂਆਂ ਨੇ ਕਿਹਾ ਕਿ ਲੋਕਾਂ 'ਚ 24 ਦੀ ਫ਼ਿਰੋਜ਼ਪੁਰ ਰੈਲੀ ਨੂੰ ਲੈ ਕੇ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ | ਅਕਾਲੀ ਦਲ ਨੂੰ ਪਿਆਰ ਕਰਨ ਵਾਲੇ ਵਰਕਰ 2027 ਵਿਚ ਅਕਾਲੀ ਸਰਕਾਰ ਦੇਖਣਾ ਲੋਚਦੇ ਹਨ | ਮਹਾਂਬੀਰ ਸਿੰਘ ਧਾਲੀਵਾਲ ਅਤੇ ਬਲਵਿੰਦਰ ਸਿੰਘ ਖੁਰਮੀ ਨੇ ਅੱਗੇ ਕਿਹਾ ਕਿ ਇਹ ਰੈਲੀ ਇਤਿਹਾਸਿਕ ਹੋਣ ਜਾ ਰਹੀ ਹੈ ਕਿਉਂਕਿ ਪਿਛਲੇ ਦਿਨੀਂ ਸੁਖਬੀਰ ਸਿੰਘ ਬਾਦਲ ਨੇ ਆਪਣੇ ਬਿਆਨ ਵਿਚ ਕਿਸਾਨਾਂ ਨਾਲ ਵੱਡੇ ਵਾਅਦੇ ਕਰਦਿਆਂ ਅਕਾਲੀ ਦਲ ਦੀ ਸਰਕਾਰ ਬਣਨ 'ਤੇ ਜੋ ਇਕ ਹਫ਼ਤੇ ਅੰਦਰ-ਅੰਦਰ ਟਿਊਬਵੈੱਲ (ਮੋਟਰ) ਕੁਨੈਕਸ਼ਨ ਦੇਣ ਦੀ ਗੱਲ ਕਹੀ ਹੈ, ਕਿਸਾਨੀ ਹਿਤਾਂ ਲਈ ਬੜੀ ਵੱਡੀ ਰਾਹਤ ਦੀ ਖ਼ਬਰ ਹੈ | ਬੇਰੁਜ਼ਗਾਰਾਂ ਲਈ ਉਨ੍ਹਾਂ 10 ਲੱਖ ਕਰਜ਼ੇ ਦੀ ਗੱਲ ਤੇ ਬਜ਼ੁਰਗਾਂ ਲਈ 3100 ਰੁਪਏ ਪੈਨਸ਼ਨ ਜੇਕਰ ਮਿਲੇਗੀ ਤਾਂ ਬਜ਼ੁਰਗਾਂ ਦਾ ਬੁਢੇਪਾ ਸੌਖਾ ਲੰਘੇਗਾ |