ਮਮਦੋਟ, 6 ਮਾਰਚ (ਰਾਜਿੰਦਰ ਸਿੰਘ ਹਾਂਡਾ/ਸੁਖਦੇਵ ਸਿੰਘ ਸੰਗਮ)-ਕਸਬਾ ਮਮਦੋਟ ਦੇ ਨਾਲ ਲੱਗਦੇ ਸਰਹੱਦੀ ਪਿੰਡ ਹਜਾਰਾ ਸਿੰਘ ਵਾਲਾ ਵਿਖੇ ਦੂਸ਼ਿਤ ਪਾਣੀ ਕਾਰਨ ਜਿਗਰ ਦੀ ਬਿਮਾਰੀ ਦੇ ਸ਼ਿਕਾਰ ਹੋ ਜਾਣ ਕਾਰਨ ਇਕ 11 ਸਾਲਾਂ ਲੜਕੀ ਦੀ ਮੌਤ ਅਤੇ ਤਿੰਨ ਦਰਜਨ ਦੇ ਕਰੀਬ ਹੋ ਬੱਚਿਆਂ ਦੇ ਜਿਗਰ ਦੀ ਇਸ ਬਿਮਾਰੀ(ਲੈਪਟੋਸਪਾਇਰੋਸਿਸ) ਪੀਲੀਏ ਤੋ ਪੀੜਤ ਹੋ ਜਾਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਹਰਕਤ ਵਿਚ ਆਉਂਦਿਆਂ ਜਿੱਥੇ ਸਿਵਲ ਸਰਜਨ ਦੀ ਅਗਵਾਈ ਹੇਠ ਡਾਕਟਰੀ ਟੀਮਾਂ ਤਾਇਨਾਤ ਕਰਕੇ ਪਿੰਡ ਦੇ ਸਾਰੇ ਲੋਕਾਂ ਦੀ ਸਿਹਤ ਦੀ ਜਾਂਚ ਲਈ ਪੱਕੇ ਤੌਰ 'ਤੇ ਕਾੈਪ ਦਾ ਆਯੋਜਨ ਅਤੇ ਸਿਵਲ ਹਸਪਤਾਲ ਫ਼ਿਰੋਜ਼ਪੁਰ ਅੰਦਰ ਇਕ ਵੱਖਰੇ ਵਾਰਡ ਦਾ ਪ੍ਰਬੰਧ ਕਰਕੇ ਪੀੜਤਾਂ ਦਾ ਇਲਾਜ਼ ਸ਼ੁਰੂ ਕੀਤਾ ਗਿਆ | ਉੱਥੇ ਹੀ ਐਡੀਸ਼ਨਲ ਡਿਪਟੀ ਕਮਿਸ਼ਨਰ(ਵਿਕਾਸ) ਅਤੇ ਉਪ ਮੰਡਲ ਮੈਜਿਸਟਰੇਟ ਦੀ ਅਗਵਾਈ ਹੇਠ ਸਿਹਤ ਵਿਭਾਗ, ਜਲ ਸਪਲਾਈ ਵਿਭਾਗ,ਪੰਚਾਇਤ ਵਿਭਾਗ, ਪਸ਼ੂ ਪਾਲਣ ਵਿਭਾਗ,ਪੰਚਾਇਤ ਵਿਭਾਗ ਦੀਆਂ ਟੀਮਾਂ ਤਾਇਨਾਤ ਕਰਕੇ ਪੂਰੇ ਪਿੰਡ ਵਾਸੀਆਂ ਅਤੇ ਪਸ਼ੂਆਂ ਲਈ ਦੂਸ਼ਿਤ ਪਾਣੀ ਦੀ ਸਪਲਾਈ ਬੰਦ ਕਰਕੇ ਸਾਫ ਪਾਣੀ ਦਾ ਪ੍ਰਬੰਧ ਕਰਵਾਉਣ ਦੇ ਨਾਲ-ਨਾਲ ਪੂਰੇ ਮਾਮਲੇ ਦੀ ਜਾਂਚ ਵੀ ਆਰੰਭੀ ਗਈ ਕਿ ਆਖ਼ਰਕਾਰ ਇਹ ਮੁਸ਼ਕਿਲ ਪੈਦਾ ਕਿਵੇਂ ਹੋਈ | ਹੁਣ ਇਸ ਮਾਮਲੇ ਵਿਚ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਲੋਂ ਉਪ ਮੰਡਲ ਮਮਦੋਟ ਵਿਖੇ ਤਾਇਨਾਤ ਜੂਨੀਅਰ ਇੰਜੀਨੀਅਰ ਗੁਰਪਿੰਦਰ ਸਿੰਘ ਨੂੰ ਆਪਣੀ ਡਿਊਟੀ ਪ੍ਰਤੀ ਲਾਪਰਵਾਹੀ ਅਤੇ ਅਣਗਹਿਲੀ ਵਰਤਣ ਦੇ ਦੋਸ਼ ਅਧੀਨ ਮੁਅੱਤਲ ਕਰ ਦਿੱਤਾ ਗਿਆ ਹੈ | ਇੱਥੇ ਜ਼ਿਕਰਯੋਗ ਹੈ ਕਿ ਪਿੰਡ ਵਿਚ ਲੱਗੇ ਵਾਟਰ ਵਰਕਸ ਤਾੋ ਸਪਲਾਈ ਹੁੰਦੇ ਪਾਣੀ ਦੇ ਪਹਿਲਾਂ ਦਿਨਾਂ ਦੌਰਾਨ ਲਏ ਗਏ ਸਾਰੇ 24 ਨਮੂਨੇ ਫ਼ੇਲ੍ਹ ਪਾਏ ਗਏ ਸਨ | ਉੱਧਰ ਜਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਮੁਤਾਬਿਕ ਪਿੰਡ ਵਿਚ ਜਲ ਸਪਲਾਈ ਵਿਭਾਗ ਵਲੋਂ ਸਾਫ ਪਾਣੀ ਦੀ ਸਪਲਾਈ ਲਈ ਪਾਈ ਗਈ ਪਾਈਪ ਲਾਈਨ ਦੇ ਉੱਪਰ ਹੀ ਪੰਚਾਇਤੀ ਵਿਭਾਗ ਵਲੋਂ ਸੀਵਰੇਜ ਪਾ ਦਿੱਤਾ ਗਿਆ | ਜੋ ਕਿ ਪੰਚਾਇਤੀ ਵਿਭਾਗ ਦੀ ਘੋਰ ਅਣਗਹਿਲੀ ਸੀ | ਜਲ ਸਪਲਾਈ ਵਿਭਾਗ ਵਲੋਂ ਤਾਂ ਆਪਣੇ ਅਧਿਕਾਰੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ | ਹੁਣ ਵੇਖਣਾ ਹੋਵੇਗਾ ਕਿ ਪੰਚਾਇਤੀ ਵਿਭਾਗ ਜਲ ਸਪਲਾਈ ਵਿਭਾਗ ਦੀ ਪਾਈਪ ਲਾਈਨ ਦੇ ਉੱਪਰ ਸੀਵਰੇਜ ਪਾਉਣ ਵਾਲੇ ਆਪਣੇ ਅਧਿਕਾਰੀਆਂ ਅਤੇ ਕਰਮਚਾਰੀਆਂ ਖ਼ਿਲਾਫ਼ ਕਾਰਵਾਈ ਕਦੋਂ ਅਮਲ ਵਿਚ ਲਿਆਉਂਦਾ ਹੈ |