ਮੁੱਦਕੀ, 16 ਅਪ੍ਰੈਲ (ਭਾਰਤ ਭੂਸ਼ਨ ਅਗਰਵਾਲ)-ਸੱਚਖੰਡ ਵਾਸੀ ਸੰਤ ਬਾਬਾ ਅਮਰਜੀਤ ਸਿੰਘ ਦੁਆਰਾ ਸਥਾਪਿਤ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸ਼ਹੀਦ ਗੰਜ ਪਬਲਿਕ ਸਕੂਲ ਮੁੱਦਕੀ ਦਾ 2025-26 ਸੈਸ਼ਨ ਦਾ ਸੀ.ਬੀ.ਐੱਸ.ਈ. ਵਲੋਂ ਐਲਾਨਿਆ ਗਿਆ ਦਸਵੀਂ ਜਮਾਤ ਦਾ ਨਤੀਜਾ ਅਤਿ ਉੱਤਮ ਦਰਜੇ ਦਾ ਰਿਹਾ | ਸਕੂਲ ਪਿ੍ੰਸੀਪਲ ਸੰਜੀਵ ਜੈਨ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਹਰ ਵਾਰ ਦੀ ਤਰ੍ਹਾਂ ਇਸ ਸਾਲ ਵੀ ਸਕੂਲ ਦਾ ਦਸਵੀਂ ਜਮਾਤ ਦਾ ਨਤੀਜਾ ਸੌ ਫ਼ੀਸਦੀ ਰਿਹਾ | ਸਕੂਲ ਦੇ 331 ਵਿਦਿਆਰਥੀ ਦਸਵੀਂ ਜਮਾਤ ਦੇ ਇਮਤਿਹਾਨ ਵਿਚ ਬੈਠੇ ਅਤੇ ਸਾਰੇ ਹੀ ਵਿਦਿਆਰਥੀਆਂ ਨੇ ਚੰਗੇ ਅੰਕ ਪ੍ਰਾਪਤ ਕਰਦੇ ਹੋਏ ਸਫਲਤਾ ਹਾਸਿਲ ਕੀਤੀ | ਉਨ੍ਹਾਂ ਦੱਸਿਆ ਕਿ ਸਕੂਲ ਦੀ ਵਿਦਿਆਰਥਣ ਸੁਖਮਨਦੀਪ ਕੌਰ ਨੇ 99 ਫ਼ੀਸਦੀ ਅੰਕ ਹਾਸਿਲ ਕਰਕੇ ਅੱਵਲ ਸਥਾਨ ਹਾਸਿਲ ਕੀਤਾ | ਮਨਵੀਰ ਕੌਰ ਅਤੇ ਪ੍ਰਭਲੀਨ ਕੌਰ ਨੇ 98.2 ਫ਼ੀਸਦੀ ਅੰਕ ਹਾਸਿਲ ਕਰਕੇ ਸਾਂਝੇ ਰੂਪ ਵਿਚ ਦੂਸਰੇ ਸਥਾਨ 'ਤੇ ਰਹੀਆਂ | ਇਸੇ ਤਰ੍ਹਾਂ ਮੰਨਤਵੀਰ ਕੌਰ, ਪ੍ਰਭਨੂਰ ਕੌਰ ਅਤੇ ਸ਼ੁੱਭਰੀਤ ਕੌਰ ਨੇ 97.4 ਫ਼ੀਸਦੀ ਅੰਕ ਪ੍ਰਾਪਤ ਕਰਕੇ ਸਾਂਝੇ ਰੂਪ ਵਿਚ ਤੀਸਰੇ ਸਥਾਨ 'ਤੇ ਰਹੀਆਂ | ਜ਼ਿਕਰਯੋਗ ਹੈ ਕਿ ਸਕੂਲ ਦੇ ਵਿਦਿਆਰਥੀਆਂ ਨੇ ਵਿਸ਼ੇਵਾਰ ਮੈਥ, ਸਾਇੰਸ ਅਤੇ ਪੰਜਾਬੀ ਵਿਚੋਂ ਸੌ ਵਿਚੋਂ ਸੌ ਅੰਕ ਪ੍ਰਾਪਤ ਕੀਤੇ | ਇਸ ਤੋਂ ਇਲਾਵਾ ਅੰਗਰੇਜ਼ੀ ਅਤੇ ਸੋਸ਼ਲ ਸਾਇੰਸਜ਼ ਵਿਚੋਂ ਵੱਧ ਤੋਂ ਵੱਧ 99 ਅੰਕ ਅਤੇ ਆਈ.ਟੀ. ਵਿਸ਼ੇ ਵਿਚੋਂ 98 ਅੰਕ ਹਾਸਿਲ ਕੀਤੇ | ਸਕੂਲ ਦੇ ਕਾਬਲ ਅਤੇ ਮਿਹਨਤੀ ਪਿ੍ੰਸੀਪਲ ਸੰਜੀਵ ਜੈਨ ਨੇ ਇਸ ਸ਼ਾਨਦਾਰ ਸਫਲਤਾ ਦਾ ਸਿਹਰਾ ਸੁਚੱਜੀ ਪ੍ਰਬੰਧਕੀ ਕਮੇਟੀ, ਮਿਹਨਤੀ ਸਟਾਫ਼ ਅਤੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਸਿਰ ਬੰਨਿ੍ਹਆ ਗਿਆ | ਉਨ੍ਹਾਂ ਨੇ ਆਪਣੇ, ਸਮੂਹ ਸਕੂਲ ਪ੍ਰਬੰਧਕੀ ਕਮੇਟੀ ਅਤੇ ਸਮੂਹ ਸਟਾਫ਼ ਵਲੋਂ ਸਫਲਤਾ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਭਵਿੱਖ ਵਿਚ ਸਫਲਤਾ ਦੀਆਂ ਪੌੜੀਆਂ ਚੜ੍ਹਨ ਲਈ ਨਿਰੰਤਰ ਮਿਹਨਤ ਕਰਨ ਦੀ ਪੇ੍ਰਰਨਾ ਦਿੱਤੀ |