ਫ਼ਿਰੋਜ਼ਪੁਰ, 16 ਅਪ੍ਰੈਲ(ਗੁਰਿੰਦਰ ਸਿੰਘ)-ਸੀ.ਬੀ.ਐਸ.ਈ ਵਲੋਂ ਐਲਾਨੇ ਦਸਵੀਂ ਜਮਾਤ ਦੇ ਨਤੀਜਿਆਂ ਵਿਚ ਡੈਸੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ | ਪਿ੍ੰਸੀਪਲ ਯਾਚਨਾ ਚਾਵਲਾ ਨੇ ਦੱਸਿਆ ਕਿ ਸਕੂਲ ਦੇ 269 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ | ਜਿਨ੍ਹਾਂ ਵਿਚੋਂ 11 ਵਿਦਿਆਰਥੀਆਂ ਨੇ 98 ਫ਼ੀਸਦੀ ਤੋਂ ਵੱਧ, 43 ਨੇ 95 ਫ਼ੀਸਦੀ ਤੋਂ ਵੱਧ ਅਤੇ 90 ਵਿਦਿਆਰਥੀਆਂ ਨੇ 89 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਕੇ ਸਕੂਲ ਅਤੇ ਮਾਪਿਆਂ ਦਾ ਮਾਣ ਵਧਾਇਆ | ਉਨ੍ਹਾਂ ਦੱਸਿਆ ਕਿ ਵਿਦਿਆਰਥੀ ਲਵੀ ਗੋਇਲ ਨੇ 99.4 ਫ਼ੀਸਦੀ ਅੰਕਾਂ ਨਾਲ ਪਹਿਲਾ ਸਥਾਨ ਹਾਸਲ ਕੀਤਾ | ਜਦਕਿ ਸਮਰੱਥ ਸੇਠੀ ਅਤੇ ਅਕਸ਼ਿਤਾ ਨੇ 99.2 ਫ਼ੀਸਦੀ ਨਾਲ ਦੂਜਾ ਅਤੇ ਲਵਣਿਆ ਨੇ 98.6 ਫ਼ੀਸਦੀ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ | ਵਿਦਿਆਰਥੀਆਂ ਨੂੰ ਵਧਾਈ ਦੇਣ ਲਈ ਆਯੋਜਿਤ ਸਮਾਰੋਹ ਵਿਚ ਡੀ.ਸੀ.ਐਮ ਗਰੁੱਪ ਦੇ ਸੀ.ਈ.ਓ ਡਾ. ਅਨੀਰੁੱਧ ਗੁਪਤਾ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ | ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇ ਲਕਸ਼ ਸਪਸ਼ਟ ਹੋਵੇ ਤਾਂ ਸਫਲਤਾ ਆਪਣੇ ਆਪ ਮਿਲਦੀ ਹੈ | ਉਨ੍ਹਾਂ ਨੇ ਕਿਹਾ ਕਿ ਇਸ ਸੰਸਥਾ ਦੇ ਕਈ ਵਿਦਿਆਰਥੀ ਆਈ.ਏ.ਐਸ, ਆਈ.ਪੀ.ਐਸ, ਇੰਜੀਨੀਅਰ ਅਤੇ ਡਾਕਟਰ ਬਣ ਕੇ ਦੇਸ਼ ਦੀ ਸੇਵਾ ਕਰ ਰਹੇ ਹਨ | ਜ਼ਿਕਰਯੋਗ ਹੈ ਕਿ 15 ਸਾਲਾ ਲਵੀ ਗੋਇਲ ਆਪਣੀ ਸਫਲਤਾ ਦਾ ਸਿਹਰਾ ਮਾਪਿਆਂ ਅਤੇ ਅਧਿਆਪਕਾਂ ਨੂੰ ਦਿੰਦਾ ਹੈ | ਉਹ ਭਵਿੱਖ ਵਿਚ ਇਸਰੋ ਇੰਜੀਨੀਅਰ ਬਣਨਾ ਚਾਹੁੰਦਾ ਹੈ | ਉਸ ਨੇ ਦੱਸਿਆ ਕਿ ਉਹ ਰੋਜ਼ਾਨਾ ਲਗਭਗ 5 ਘੰਟੇ ਪੜ੍ਹਾਈ ਕਰਦਾ ਅਤੇ ਮੋਬਾਈਲ ਤੋਂ ਦੂਰ ਰਹਿੰਦਾ ਸੀ | ਅਕਸ਼ਿਤਾ ਨੇ ਵੀ 99.2 ਫ਼ੀਸਦੀ ਅੰਕ ਹਾਸਲ ਕੀਤੇ ਅਤੇ ਆਪਣੇ ਭਰਾ ਨੂੰ ਪੇ੍ਰਰਨਾ ਮੰਨਦਿਆਂ ਇੰਜੀਨੀਅਰ ਬਣਨ ਦਾ ਲਕਸ਼ ਰੱਖਿਆ ਹੈ | ਡਿਪਟੀ ਪਿ੍ੰਸੀਪਲ ਮਨੀਸ਼ ਬਾਂਗਾਂ ਨੇ ਦੱਸਿਆ ਕਿ ਵਿਦਿਆਰਥੀਆਂ ਦੀ ਤਿਆਰੀ ਲਈ ਐਕਸਟਰਾ ਕਲਾਸਾਂ ਅਤੇ ਨਿਯਮਿਤ ਟੈੱਸਟ ਕਰਵਾਏ ਗਏ | ਸਕੂਲ ਪ੍ਰਬੰਧਨ ਨੇ ਸਾਰੇ ਵਿਦਿਆਰਥੀਆਂ, ਮਾਪਿਆਂ ਅਤੇ ਸਟਾਫ਼ ਨੂੰ ਇਸ ਸ਼ਾਨਦਾਰ ਸਫਲਤਾ 'ਤੇ ਵਧਾਈ ਦਿੱਤੀ |