ਫ਼ਿਰੋਜ਼ਪੁਰ, 16 ਅਪ੍ਰੈਲ (ਗੁਰਿੰਦਰ ਸਿੰਘ)-ਸਥਾਨਕ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਦੇ ਇਲੈਕਟਰਾਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਅਤੇ ਇਲੈਕਟਰੀਕਲ ਇੰਜੀਨੀਅਰਿੰਗ ਵਿਭਾਗਾਂ ਵਲੋਂ ਸਾਂਝੇ ਤੌਰ 'ਤੇ Tਸਰਕਟ ਡਿਜ਼ਾਈਨ, ਸਿਮੂਲੇਸ਼ਨ ਅਤੇ ਟੈਸਟਿੰਗ ਯੂਜ਼ਿੰਗ ਫਰੀ ਸਿਮੂਲੇਸ਼ਨ ਸਾਫ਼ਟਵੇਅਰUਵਿਸ਼ੇ 'ਤੇ ਇਕ ਰੋਜ਼ਾ ਇੰਟਰ ਐਕਟਿਵ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ | ਵਾਈਸ-ਚਾਂਸਲਰ ਡਾ. ਸੁਰੇਸ਼ ਕੁਮਾਰ ਸ਼ਰਮਾ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ ਇਹ ਪ੍ਰੋਗਰਾਮ ਅਕਾਦਮਿਕ ਸਹਿਯੋਗ ਦਾ ਉੱਤਮ ਉਦਾਹਰਨ ਸਾਬਤ ਹੋਇਆ | ਪ੍ਰੋਗਰਾਮ ਦੀ ਸ਼ੁਰੂਆਤ ਕੋ-ਕੋਆਰਡੀਨੇਟਰ ਨਵਦੀਪ ਕੌਰ ਝੱਜ ਵਲੋਂ ਕੀਤੀ ਗਈ, ਜਿਨ੍ਹਾਂ ਨੇ ਵਰਕਸ਼ਾਪ ਦੇ ਉਦੇਸ਼ਾਂ ਬਾਰੇ ਜਾਣਕਾਰੀ ਦਿੱਤੀ ਅਤੇ ਮੁੱਖ ਬੁਲਾਰੇ ਡਾ. ਬਲਵਿੰਦਰ ਸਿੰਘ ਧਾਲੀਵਾਲ ਦੀ ਜਾਣ ਪਹਿਚਾਣ ਕਰਵਾਈ | ਰਜਿਸਟਰਾਰ ਡਾ. ਰਾਜੀਵ ਅਰੋੜਾ ਅਤੇ ਵਿਭਾਗ ਮੁਖੀ ਡਾ. ਵਿਕਰਮ ਮੁਟਨੇਜਾ ਨੇ ਮੁੱਖ ਬੁਲਾਰੇ ਦਾ ਸਵਾਗਤ ਕਰਦੇ ਹੋਏ ਉਨ੍ਹਾਂ ਦਾ ਧੰਨਵਾਦ ਕੀਤਾ | ਉਦਘਾਟਨੀ ਸੈਸ਼ਨ ਦੌਰਾਨ ਡਾ. ਰਾਜੀਵ ਅਰੋੜਾ ਅਤੇ ਡਾ. ਵਿਕਰਮ ਮੁਤਨੇਜਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਬਹੁ-ਪੱਖੀ ਸਿੱਖਿਆ ਦੀ ਮਹੱਤਤਾ 'ਤੇ ਜ਼ੋਰ ਦਿੱਤਾ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਧੁਨਿਕ ਤਕਨੀਕੀ ਸਾਧਨਾਂ ਦੀ ਵਰਤੋਂ ਕਰਕੇ ਸਮੱਸਿਆਵਾਂ ਦੇ ਹੱਲ ਲੱਭਣ ਲਈ ਪ੍ਰੇਰਿਤ ਕੀਤਾ | ਵਰਕਸ਼ਾਪ ਦੌਰਾਨ ਡਾ. ਬਲਵਿੰਦਰ ਸਿੰਘ ਧਾਲੀਵਾਲ ਨੇ ਸਰਕਟ ਡਿਜ਼ਾਈਨ ਦੇ ਬੁਨਿਆਦੀ ਸਿਧਾਂਤਾਂ, ਫਰੀ ਸਿਮੂਲੇਸ਼ਨ ਸਾਫ਼ਟਵੇਅਰਾਂ ਦੀ ਵਰਤੋਂ, ਟੈਸਟਿੰਗ ਅਤੇ ਡੀਬੱਗਿੰਗ ਤਕਨੀਕਾਂ ਅਤੇ ਅਸਲ ਜੀਵਨ ਵਿਚ ਉਨ੍ਹਾਂ ਦੀ ਪ੍ਰਯੋਗਸ਼ੀਲਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਵਰਕਸ਼ਾਪ ਦਾ ਮੁੱਖ ਆਕਰਸ਼ਨ ਹੈਂਡਜ਼-ਆਨ ਪ੍ਰੈਕਟੀਕਲ ਸੈਸ਼ਨ ਰਿਹਾ | ਜਿਸ ਵਿਚ ਵਿਦਿਆਰਥੀਆਂ ਨੇ ਓਪਨ-ਸੋਰਸ ਪਲੇਟਫ਼ਾਰਮਾਂ 'ਤੇ ਖੁਦ ਸਰਕਟ ਤਿਆਰ ਕਰਕੇ ਟੈੱਸਟ ਕਰਨ ਦਾ ਅਨੁਭਵ ਹਾਸਲ ਕੀਤਾ | ਯੂਨੀਵਰਸਿਟੀ ਪ੍ਰਸ਼ਾਸਨ ਵਲੋਂ ਡਾ. ਧਾਲੀਵਾਲ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਡਾ. ਜਸਵਿੰਦਰ ਕੌਰ, ਮਨਿੰਦਰ ਕੌਰ, ਡਾ. ਰਜਨੀ, ਨਵਨੀਤ ਕੌਰ, ਇੰਦਰਜੀਤ ਸਿੰਘ ਗਿੱਲ, ਚਕਸ਼ੂ ਗੋਇਲ ਅਤੇ ਰਵੀ ਕਾਂਤ ਗਰੋਵਰ ਸਮੇਤ ਵੱਡੀ ਗਿਣਤੀ ਵਿਚ ਫੈਕਲਟੀ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ |