ਗੁਰੂਹਰਸਹਾਏ, 16 ਅਪ੍ਰੈਲ (ਕਪਿਲ ਕੰਧਾਰੀ/ਹਰਚਰਨ ਸਿੰਘ ਸੰਧੂ)-ਪਿੰਡ ਸ਼ਰੀਂਹ ਵਾਲਾ ਬਰਾੜ ਵਿਚ ਉਸ ਵੇਲੇ ਹੜਕੰਪ ਮੱਚ ਗਿਆ ਜਦੋਂ ਖੇਤਾਂ ਵਿਚ ਖੜੀ ਕਣਕ ਦੀ ਫ਼ਸਲ ਨੂੰ ਅਚਾਨਕ ਅੱਗ ਲੱਗ ਗਈ | ਇਸ ਭਿਆਨਕ ਅੱਗ ਕਾਰਨ ਕਈ ਕਿੱਲੇ ਕਣਕ ਦੀ ਫ਼ਸਲ ਅਤੇ ਨਾੜ ਸੜ ਕੇ ਪੂਰੀ ਤਰ੍ਹਾਂ ਸਵਾਹ ਹੋ ਗਈ, ਜਿਸ ਨਾਲ ਕਿਸਾਨਾਂ ਨੂੰ ਵੱਡਾ ਆਰਥਿਕ ਨੁਕਸਾਨ ਝੱਲਣਾ ਪਿਆ | ਮਿਲੀ ਜਾਣਕਾਰੀ ਅਨੁਸਾਰ ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਤੱਕ ਪੂਰਾ ਪਤਾ ਨਹੀਂ ਲੱਗ ਸਕਿਆ, ਪਰ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਇਹ ਅੱਗ ਸ਼ਾਰਟ ਸਰਕਟ ਜਾਂ ਕਿਸੇ ਲਾਪਰਵਾਹੀ ਕਾਰਨ ਲੱਗੀ ਹੋ ਸਕਦੀ ਹੈ | ਅੱਗ ਨੇ ਦੇਖਦੇ ਹੀ ਦੇਖਦੇ ਵਿਕਰਾਲ ਰੂਪ ਧਾਰਨ ਕਰ ਲਿਆ ਅਤੇ ਹਵਾ ਦੇ ਕਾਰਨ ਤੇਜ਼ੀ ਨਾਲ ਫੈਲ ਗਈ | ਘਟਨਾ ਦੀ ਜਾਣਕਾਰੀ ਮਿਲਦੇ ਹੀ ਪਿੰਡ ਵਾਸੀਆਂ ਅਤੇ ਕਿਸਾਨਾਂ ਵਲੋਂ ਇਕੱਠੇ ਹੋ ਕੇ ਅੱਗ 'ਤੇ ਕਾਬੂ ਪਾਉਣ ਲਈ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ | ਇਸ ਦੇ ਨਾਲ ਹੀ ਫਾਇਰ ਬਿ੍ਗੇਡ ਨੂੰ ਵੀ ਸੂਚਿਤ ਕੀਤਾ ਗਿਆ | ਜਿਨ੍ਹਾਂ ਨੇ ਮੌਕੇ 'ਤੇ ਪਹੁੰਚ ਕੇ ਮੁਸ਼ਕਲ ਨਾਲ ਅੱਗ 'ਤੇ ਕਾਬੂ ਪਾਇਆ | ਲੋਕਾਂ ਦੀ ਸਾਂਝੀ ਮਿਹਨਤ ਨਾਲ ਵੱਡੇ ਨੁਕਸਾਨ ਤੋਂ ਕੁੱਝ ਹੱਦ ਤੱਕ ਬਚਾਅ ਹੋ ਗਿਆ | ਪ੍ਰਭਾਵਿਤ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦੀ ਸਾਲ ਭਰ ਦੀ ਮਿਹਨਤ ਕੁੱਝ ਹੀ ਮਿੰਟਾਂ ਵਿਚ ਸੜ ਕੇ ਖ਼ਾਕ ਹੋ ਗਈ | ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਨੁਕਸਾਨ ਦਾ ਜਾਇਜ਼ਾ ਲੈ ਕੇ ਉਨ੍ਹਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਉਹ ਆਪਣੇ ਘਰਾਂ ਦੀ ਆਰਥਿਕ ਹਾਲਤ ਨੂੰ ਸੰਭਾਲ ਸਕਣ | ਇਸ ਘਟਨਾ ਨਾਲ ਇਲਾਕੇ ਦੇ ਕਿਸਾਨਾਂ ਵਿਚ ਡਰ ਦਾ ਮਾਹੌਲ ਬਣ ਗਿਆ ਹੈ ਅਤੇ ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅੱਗ ਤੋਂ ਬਚਾਅ ਲਈ ਜ਼ਰੂਰੀ ਉਪਾਅ ਕੀਤੇ ਜਾਣ |