ਗੁਰੂਹਰਸਹਾਏ, 18 ਅਪ੍ਰੈਲ(ਹਰਚਰਨ ਸਿੰਘ ਸੰਧੂ)-ਪੰਜਾਬ ਦੀਆਂ ਅਨਾਜ ਮੰਡੀਆਂ ਵਿਚ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਹੁੰਦਿਆਂ ਹੀ ਕਿਸਾਨਾਂ ਦੀ ਆਰਥਿਕ ਲੁੱਟ ਦੇ ਮਾਮਲੇ ਸਾਹਮਣੇ ਆਉਣ ਲੱਗੇ ਹਨ | ਤਾਜ਼ਾ ਮਾਮਲਾ ਗੁਰੂਹਰਸਹਾਏ ਦੀ ਅਨਾਜ ਮੰਡੀ ਤੋਂ ਸਾਹਮਣੇ ਆਇਆ ਹੈ ਜਿੱਥੇ ਕਣਕ ਦੀ ਤੁਲਾਈ ਦੌਰਾਨ ਸਰਕਾਰੀ ਬਾਰਦਾਣੇ (ਗੱਟੇ) ਦੇ ਭਾਰ ਵਿਚ ਵੱਡੀ ਹੇਰਾਫੇਰੀ ਕਰਕੇ ਕਿਸਾਨਾਂ ਦੀ ਜੇਬ 'ਤੇ ਡਾਕਾ ਮਾਰਿਆ ਜਾ ਰਿਹਾ ਹੈ | ਸਥਾਨਕ ਕਿਸਾਨਾਂ ਨੇ ਸਬੂਤਾਂ ਸਮੇਤ ਖ਼ੁਲਾਸਾ ਕੀਤਾ ਹੈ ਕਿ ਮੰਡੀ ਵਿਚ ਵਰਤੇ ਜਾ ਰਹੇ ਸਰਕਾਰੀ ਗੱਟੇ ਦਾ ਅਸਲ ਭਾਰ ਸਿਰਫ਼ 482 ਗਰਾਮ ਹੈ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਤੁਲਾਈ ਵੇਲੇ ਇਸ ਗੱਟੇ ਦਾ ਭਾਰ 700 ਗਰਾਮ ਕੱਟਿਆ ਜਾ ਰਿਹਾ ਹੈ | ਪ੍ਰਤੀ ਗੱਟਾ ਲਗਭਗ 218 ਗਰਾਮ ਵਾਧੂ ਅਨਾਜ ਲਿਆ ਜਾ ਰਿਹਾ ਹੈ, ਜੋ ਕਿ ਹਜ਼ਾਰਾਂ ਗੱਟਿਆਂ ਦੀ ਤੁਲਾਈ ਦੌਰਾਨ ਲੱਖਾਂ ਰੁਪਏ ਦਾ ਘਪਲਾ ਬਣਦਾ ਹੈ | ਕਿਸਾਨਾਂ ਅਨੁਸਾਰ ਇਹ ਸਿੱਧੇ ਤੌਰ 'ਤੇ ਉਨ੍ਹਾਂ ਦੇ ਹੱਕਾਂ 'ਤੇ ਮਾਰਿਆ ਜਾ ਰਿਹਾ ਅਸਿੱਧਾ ਡਾਕਾ ਹੈ | ਪੀੜਤ ਕਿਸਾਨ ਪਿਆਰਾ ਸਿੰਘ ਮਹਿੰਦਰ ਨੇ ਪ੍ਰਸ਼ਾਸਨਿਕ ਪ੍ਰਬੰਧਾਂ ਦੀ ਪੋਲ ਖੋਲ੍ਹਦਿਆਂ ਦੱਸਿਆ ਕਿ ਮੰਡੀ ਦੇ ਫੜਾਂ 'ਤੇ ਆੜ੍ਹਤੀਆਂ ਨੇ ਕਥਿਤ ਤੌਰ 'ਤੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ | ਨਿਯਮਾਂ ਮੁਤਾਬਿਕ ਫੜਾਂ 'ਤੇ ਕਿਸਾਨਾਂ ਦਾ ਪਹਿਲਾ ਹੱਕ ਹੈ ਤਾਂ ਜੋ ਉਹ ਆਪਣੀ ਫਸਲ ਉਤਾਰ ਸਕਣ, ਪਰ ਇੱਥੇ ਸਥਿਤੀ ਉਲਟ ਹੈ | ਪਿਆਰਾ ਸਿੰਘ ਮਹਿੰਦਰ ਸਿੰਘ ਨੇ ਇਹ ਵੀ ਦੋਸ਼ ਲਾਇਆ ਕਿ ਜਦੋਂ ਕੋਈ ਕਿਸਾਨ ਆਪਣਾ ਹੱਕ ਮੰਗਦਾ ਹੈ, ਤਾਂ ਆੜ੍ਹਤੀਆਂ ਦੇ ਮੁਨੀਮ ਉਨ੍ਹਾਂ ਨਾਲ ਬੇਹੱਦ ਭੱਦੀ ਅਤੇ ਗ਼ਲਤ ਸ਼ਬਦਾਵਲੀ ਦੀ ਵਰਤੋਂ ਕਰਦੇ ਹਨ | ਜਿਸ ਕਾਰਨ ਕਿਸਾਨਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਸ ਮਾਮਲੇ ਸਬੰਧੀ ਜਦੋਂ ਹਲਕਾ ਵਿਧਾਇਕ ਫੌਜਾ ਸਿੰਘ ਸਰਾਰੀ ਨਾਲ ਸੰਪਰਕ ਕੀਤਾ ਗਿਆ, ਤਾਂ ਉਨ੍ਹਾਂ ਭਰੋਸਾ ਦਿੱਤਾ ਕਿ ਉਹ ਤੁਰੰਤ ਮੰਡੀ ਵਿਚ ਚੈਕਿੰਗ ਕਰਵਾਉਣਗੇ ਅਤੇ ਕਿਸੇ ਵੀ ਕਿਸਾਨ ਨਾਲ ਬੇਇਨਸਾਫ਼ੀ ਨਹੀਂ ਹੋਣ ਦਿੱਤੀ ਜਾਵੇਗੀ | ਦੂਜੇ ਪਾਸੇ ਮੰਡੀ ਬੋਰਡ ਦੇ ਡੀ.ਐੱਮ.ਓ ਜਸ਼ਨਦੀਪ ਸਿੰਘ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਕਿਹਾ ਕਿ ਬਾਰਦਾਣੇ ਦੇ ਤੋਲ ਅਤੇ ਫੜਾਂ ਦੇ ਕਬਜ਼ਿਆਂ ਸਬੰਧੀ ਸ਼ਿਕਾਇਤਾਂ ਦੀ ਬਾਰੀਕੀ ਨਾਲ ਜਾਂਚ ਕਰਵਾਈ ਜਾਵੇਗੀ ਅਤੇ ਦੋਸ਼ੀ ਪਾਏ ਜਾਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ | ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਮੰਡੀਆਂ ਵਿਚ ਤੁਲਾਈ ਦੀ ਨਿਗਰਾਨੀ ਲਈ ਵਿਸ਼ੇਸ਼ ਟੀਮਾਂ ਤਾਇਨਾਤ ਕੀਤੀਆਂ ਜਾਣ ਤਾਂ ਜੋ ਮਿਹਨਤਕਸ਼ ਅੰਨਦਾਤੇ ਦੀ ਹੋ ਰਹੀ ਲੁੱਟ ਨੂੰ ਰੋਕਿਆ ਜਾ ਸਕੇ | ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਕਿਸਾਨ ਯੂਨੀਅਨ ਆਗੂ ਧਰਮ ਸਿੰਘ ਲਾਲਚੀਆਂ ਨੇ ਕਿਹਾ ਕਿਸਾਨਾਂ ਦੀ ਲੁੱਟ ਨਹੀਂ ਹੋਣ ਦਿੱਤੀ ਜਾਵੇਗੀ | ਇੱਥੇ ਇਹ ਦੱਸਣਾ ਬਣਦਾ ਹੈ ਕਿ ਸੀਜ਼ਨ ਤੋਂ ਪਹਿਲਾਂ ਆੜ੍ਹਤੀਆਂ ਦੇ ਕੰਢੇ ਵੱਟੇ ਚੈੱਕ ਹੁੰਦੇ ਹਨ ਅਤੇ ਮੁੜ ਦੁਬਾਰਾ ਚੱਲਦੇ ਸੀਜ਼ਨ ਦੌਰਾਨ ਵੀ ਅਜਿਹੀ ਪ੍ਰਤੀਕਿਰਿਆ ਚੈਕਿੰਗ ਵਾਲੀ ਚੱਲਦੀ ਰਹਿੰਦੀ ਹੈ, ਪਰ ਲੱਗਦਾ ਹੈ ਕਿ ਖੇਤੀਬਾੜੀ ਵਿਭਾਗ ਅਤੇ ਮਾਰਕੀਟ ਕਮੇਟੀ ਦਫ਼ਤਰ ਵਲੋਂ ਮਾਰਕੀਟਿੰਗ ਵਿੰਗ ਨਾਲ ਮਿਲੀਭੁਗਤ ਨਜ਼ਰ ਆ ਰਹੀ ਹੈ |