ਫਿਰੋਜ਼ਪੁਰ, 21 ਅਪ੍ਰੈਲ(ਗੁਰਿੰਦਰ ਸਿੰਘ)-ਅਕਸਰ ਸੁਰਖ਼ੀਆਂ ਵਿਚ ਰਹਿਣ ਵਾਲੇ ਫ਼ਿਰੋਜ਼ਪੁਰ ਦੇ ਆਰ.ਟੀ.ਏ ਦਫ਼ਤਰ ਵਿਚ ਦਫ਼ਤਰੀ ਕੰਮਾਂ ਵਿਚ ਹੋ ਰਹੀ ਲੰਮੀ ਦੇਰੀ ਅਤੇ ਲੋਕਾਂ ਦੀ ਖੱਜਲਖੁਆਰੀ ਨੂੰ ਲੈ ਕੇ ਇਕ ਵਾਰ ਫਿਰ ਮਾਮਲਾ ਗਰਮਾ ਗਿਆ ਹੈ | ਅੱਜ ਬਾਅਦ ਦੁਪਹਿਰ ਦੀਪ ਟਰਾਂਸਪੋਰਟ ਕੰਪਨੀ ਦੇ ਮਾਲਕ ਸੰਦੀਪ ਸਿੰਘ ਸੰਨੀ ਢਿੱਲੋਂ ਅਤੇ ਸਕੱਤਰ ਆਰ.ਟੀ.ਏ ਵਿਚਾਲੇ ਹੋਈ ਤਕਰਾਰ ਚਰਚਾ ਦਾ ਵਿਸ਼ਾ ਬਣ ਗਈ ਹੈ | ਟਰਾਂਸਪੋਰਟਰ ਸੰਨੀ ਢਿੱਲੋਂ ਵਲੋਂ ਲਗਾਏ ਗਏ ਦੋਸ਼ਾਂ ਅਨੁਸਾਰ ਉਨ੍ਹਾਂ ਦੀ ਟਰਾਂਸਪੋਰਟ ਦੀਆਂ ਬੱਸਾਂ ਦੇ ਪਰਮਿਟ ਨਵਿਆਉਣ, ਮਾਲਕੀਅਤ ਤਬਦੀਲੀ ਅਤੇ ਟੈਕਸ ਆਦਿ ਸਬੰਧੀ ਕੰਮਾਂ ਲਈ ਉਹ ਕਾਫ਼ੀ ਸਮੇਂ ਤੋਂ ਦਫ਼ਤਰ ਦੇ ਚੱਕਰ ਕੱਟ ਰਹੇ ਹਨ, ਪਰ ਉਨ੍ਹਾਂ ਦੀ ਕੋਈ ਸੰਤੋਸ਼ਜਨਕ ਸੁਣਵਾਈ ਨਹੀਂ ਹੋ ਰਹੀ | ਉਨ੍ਹਾਂ ਦੱਸਿਆ ਕਿ ਹਰ ਵਾਰ ਕੋਈ ਨਾ ਕੋਈ ਇਤਰਾਜ਼ ਲਗਾ ਕੇ ਫਾਈਲਾਂ ਨੂੰ ਲਟਕਾਇਆ ਜਾਂਦਾ ਹੈ ਜਿਸ ਕਾਰਨ ਉਹਨਾਂ ਨੂੰ ਬੇਵਜ੍ਹਾ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸੰਨੀ ਢਿੱਲੋਂ ਮੁਤਾਬਿਕ ਆਰ.ਟੀ.ਏ ਮੈਡਮ ਵਲੋਂ ਉਨ੍ਹਾਂ ਨੂੰ ਅੱਜ ਸਵੇਰੇ 10 ਵਜੇ ਮਿਲਣ ਲਈ ਕਿਹਾ ਗਿਆ ਸੀ ਪਰ ਮੈਡਮ ਖੁਦ ਦੁਪਹਿਰ ਬਾਅਦ ਕਰੀਬ 3:45 ਵਜੇ ਦਫ਼ਤਰ ਪਹੁੰਚੇ ਤਾਂ ਉਨ੍ਹਾਂ ਨੇ ਆਪਣੇ ਕੰਮ ਸਬੰਧੀ ਬੇਨਤੀ ਕੀਤੀ ਪਰ ਉਸ ਨੂੰ ਅਣਗੌਲਿਆ ਕੀਤਾ ਗਿਆ | ਜਿਸ ਕਾਰਨ ਉੱਥੇ ਤਲਖ਼ ਕਲਾਮੀ ਹੋ ਗਈ | ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਪਹਿਲਾਂ ਵੀ ਆਰ.ਟੀ.ਏ ਦਫ਼ਤਰ ਵਿਚ ਇਸ ਤਰ੍ਹਾਂ ਦੀ ਕਾਰਗੁਜ਼ਾਰੀ ਦੇ ਖ਼ਿਲਾਫ਼ ਉਨ੍ਹਾਂ ਦੇ ਭਰਾਤਾ ਹਲਕਾ ਗਿੱਦੜਬਾਹਾ ਤੋਂ ਮੌਜੂਦਾ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਵਲੋਂ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਗਈ ਸੀ | ਹਾਲਾਂਕਿ ਮੌਜੂਦਾ ਹਾਲਾਤ ਵਿਚ ਵੀ ਕੋਈ ਵੱਡਾ ਸੁਧਾਰ ਨਹੀਂ ਆਇਆ ਅਤੇ ਕੰਮ ਪਹਿਲਾਂ ਵਾਂਗ ਹੀ ਲਟਕ ਰਹੇ ਹਨ | ਵਿਭਾਗੀ ਸੂਤਰਾਂ ਮੁਤਾਬਿਕ ਅੱਜ ਦੇ ਘਟਨਾਕ੍ਰਮ ਦੌਰਾਨ ਦਫ਼ਤਰ ਦਾ ਮਾਹੌਲ ਕੁਝ ਸਮੇਂ ਲਈ ਤਣਾਅਪੂਰਨ ਬਣਿਆ ਰਿਹਾ | ਦੂਜੇ ਪਾਸੇ ਜਦੋਂ ਇਸ ਸਬੰਧੀ ਸਕੱਤਰ ਆਰ.ਟੀ.ਏ ਮੈਡਮ ਤੁਸ਼ਟਾ ਗੁਲ੍ਹਾਟੀ ਨਾਲ ਉਨ੍ਹਾਂ ਦੇ ਮੋਬਾਈਲ ਫ਼ੋਨ ਰਾਹੀਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਵਾਰ-ਵਾਰ ਕੋਸ਼ਿਸ਼ਾਂ ਦੇ ਬਾਵਜੂਦ ਉਨ੍ਹਾਂ ਫੋਨ ਸਟੈਂਡ ਨਹੀਂ ਕੀਤਾ | ਅੱਜ ਦੇ ਇਸ ਘਟਨਾ ਕਰਮ ਨੇ ਇਕ ਵਾਰ ਫਿਰ ਸਰਕਾਰੀ ਦਫ਼ਤਰਾਂ ਵਿਚ ਪਾਰਦਰਸ਼ਤਾ ਅਤੇ ਸਮੇਂ ਸਿਰ ਕੰਮ ਨਿਪਟਾਉਣ ਦੀ ਲੋੜ ਨੂੰ ਉਭਾਰਿਆ ਹੈ, ਤਾਂ ਜੋ ਆਮ ਲੋਕਾਂ ਨੂੰ ਬੇਵਜ੍ਹਾ ਪ੍ਰੇਸ਼ਾਨੀ ਤੋਂ ਬਚਾਇਆ ਜਾ ਸਕੇ |