ਮੁੱਦਕੀ, 25 ਅਪ੍ਰੈਲ (ਅਗਰਵਾਲ)- ਪੰਜਾਬ ਵਿਚ ਗਰਮੀ ਦੀ ਆਮਦ ਹੁੰਦੇ ਹੀ ਬਿਜਲੀ ਦੇ ਲੰਬੇ-ਲੰਬੇ ਕੱਟਾਂ ਨੇ ਲੋਕਾਂ ਦਾ ਜਿਊਣਾ ਮੁਹਾਲ ਕਰ ਦਿੱਤਾ ਹੈ | ਮੁਫ਼ਤ ਤੇ ਨਿਰਵਿਘਨ ਬਿਜਲੀ ਸਪਲਾਈ ਦੇਣ ਦੇ ਦਮਗਜੇ ਮਾਰਨ ਵਾਲੀ ਸਰਕਾਰ ਦੇ ਸਾਰੇ ਦਾਅਵੇ ਹਵਾ ਹੋ ਗਏ, ਜਦੋਂ ਗਰਮੀ ਦੀ ਸ਼ੁਰੂਆਤ 'ਤੇ ਹੀ ਬਿਨਾਂ ਅਗਾਊਾ ਸੂਚਨਾ ਦੇ ਲੰਬੇ-ਲੰਬੇ ਬਿਜਲੀ ਕੱਟ ਲੱਗਣੇ ਸ਼ੁਰੂ ਹੋ ਗਏ ਹਨ, ਜਿਸ ਨਾਲ ਸਰੀਰ ਨੂੰ ਝੁਲਸਾ ਦੇਣ ਵਾਲੀ ਗਰਮੀ ਲੋਕਾਂ ਦੇ ਪਸੀਨੇ ਛੁਡਾ ਰਹੀ ਹੈ | ਬੱਚੇ ਅਤੇ ਬਜ਼ੁਰਗ ਬੇਹਾਲ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਬਹਿਰਾਮ ਕੇ ਬਲਾਕ ਮੀਤ ਪ੍ਰਧਾਨ ਦਰਸ਼ਨ ਸਿੰਘ ਫ਼ੌਜੀ ਅਤੇ ਪੈ੍ਰੱਸ ਸਕੱਤਰ ਵੀਰ ਸਿੰਘ ਬਰਾੜ ਲੋਹਾਮ ਨੇ ਕਿਹਾ ਕਿ ਪਹਿਲਾਂ ਤੋਂ ਹੀ ਖਾੜੀ ਦੀ ਜੰਗ ਤੇ ਲੇਬਰ ਦੇ ਜਾਣ ਤੋਂ ਪ੍ਰੇਸ਼ਾਨ ਵਪਾਰੀ ਤੇ ਕਾਰਖ਼ਾਨੇਦਾਰ ਮਸ਼ੀਨ ਦਾ ਚੱਕਾ ਚੱਲਦਾ ਰੱਖਣ ਲਈ ਡੀਜ਼ਲ ਫ਼ੂਕ ਰਿਹਾ ਹੈ | ਅਜੇ ਤਾਂ ਝੋਨੇ ਦਾ ਸੀਜ਼ਨ ਸ਼ੁਰੂ ਨਹੀਂ ਹੋਇਆ, ਝੋਨੇ ਸਮੇਂ ਤਾਂ ਹੋਰ ਵੀ ਬੁਰਾ ਹਾਲ ਹੋਵੇਗਾ | ਉਨ੍ਹਾਂ ਕਿਹਾ ਕਿ ਗ਼ਰੀਬ ਪਰਿਵਾਰਾਂ ਦੇ ਮਕਾਨ ਛੋਟੇ ਹਨ ਅਤੇ ਕਿਸੇ ਕੋਲ ਵੀ ਇਨਵਰਟਰ ਅਤੇ ਜਨਰੇਟਰ ਨਹੀਂ ਹੈ | ਉੱਪਰੋਂ ਪਾਵਰਕਾਮ ਦੇ ਅਧਿਕਾਰੀ ਲਗਾਤਾਰ ਬਿਜਲੀ ਦੇ ਲੰਬੇ-ਲੰਬੇ ਕੱਟ ਲਗਾ ਰਹੇ ਹਨ | ਜੇਕਰ ਕੱਟ ਇਸੇ ਤਰ੍ਹਾਂ ਹੀ ਲੱਗਦੇ ਰਹੇ ਤਾਂ ਲੋਕ ਸੜਕਾਂ 'ਤੇ ਆ ਸਕਦੇ ਹਨ |