ਜ਼ੀਰਾ, 9 ਮਈ (ਰਜਨੀਸ਼ ਕਥੂਰੀਆ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਦੇ ਸੱਦੇ 'ਤੇ ਭਲਕੇ 11 ਮਈ ਨੂੰ ਸਵੇਰੇ 10 ਵਜੇ ਤਹਿਸੀਲ ਪੱਧਰ 'ਤੇ ਕੋਆਪ੍ਰੇਟਿਵ ਸੁਸਾਇਟੀਆਂ ਦੇ ਦਫ਼ਤਰਾਂ ਅੱਗੇ ਦਿੱਤੇ ਜਾ ਰਹੇ ਧਰਨਿਆਂ ਦੀ ਲੜੀ ਦੇ ਤਹਿਤ ਕੋਆਪ੍ਰੇਟਿਵ ਸੁਸਾਇਟੀ ਜ਼ੀਰਾ ਦੇ ਅੱਗੇ ਵਿਸ਼ਾਲ ਰੋਸ ਧਰਨਾ ਦਿੱਤਾ ਜਾਵੇਗਾ | ਇਹ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਬਲਾਕ ਜ਼ੀਰਾ ਦੇ ਪ੍ਰਧਾਨ ਸੁਖਦੇਵ ਸਿੰਘ ਸਨੇਰ, ਸੂਬਾ ਕਾਰਜਕਾਰੀ ਮੈਂਬਰ ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ ਅਤੇ ਜ਼ਿਲ੍ਹਾ ਫਿਰੋਜ਼ਪੁਰ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੀਤਮ ਸਿੰਘ ਮੀਹਾਂ ਸਿੰਘ ਵਾਲਾ ਨੇ ਦੱਸਿਆ ਕਿ ਦਿੱਤੇ ਜਾ ਰਹੇ ਇਸ ਧਰਨੇ ਸਬੰਧੀ ਉਹਨਾਂ ਦੀ ਯੂਨੀਅਨ ਦੀ ਇਕ ਮੀਟਿੰਗ ਜ਼ੀਰਾ ਵਿਖੇ ਹੋਈ ਜਿਸ ਵਿਚ ਵੱਡੀ ਗਿਣਤੀ ਵਿਚ ਕਿਸਾਨ ਆਗੂ ਅਤੇ ਮੈਂਬਰ ਸ਼ਾਮਿਲ ਹੋਏ | ਉਹਨਾਂ ਦੱਸਿਆ ਕਿ ਪਿਛਲੇ ਕਰੀਬ 7 ਸਾਲਾਂ ਤੋਂ ਬਾਅਦ ਜੋ ਕੋਆਪਰੇਟਿਵ ਸੁਸਾਇਟੀਆਂ ਨਾਲ ਸਬੰਧਿਤ ਕਿਸਾਨਾਂ ਦੇ ਹੱਦ ਕਰਜ਼ਿਆਂ 'ਚ ਵਾਧਾ ਕੀਤਾ ਗਿਆ ਸੀ | ਜਿਸ ਨੂੰ ਸਰਕਾਰ ਵਲੋਂ ਅਚਨਚੇਤ ਵਾਪਸ ਲੈ ਲਿਆ ਗਿਆ ਹੈ, ਜੋ ਕਿ ਕਿਸਾਨਾਂ ਨਾਲ ਇਕ ਮੰਦਭਾਗਾ ਵਰਤਾਰਾ ਹੈ | ਇਸ ਲਈ ਹੱਦ ਕਰਜ਼ੇ ਦੇ ਇਸ ਵਾਧੇ ਨੂੰ ਤੁਰੰਤ ਲਾਗੂ ਕਰਵਾਉਣ ਦੀ ਮੰਗ ਨੂੰ ਲੈ ਕੇ ਕੋਆਪਰੇਟਿਵ ਸੋਸਾਇਟੀ ਜ਼ੀਰਾ ਅੱਗੇ ਸਵੇਰੇ 10 ਵਜੇ ਵਿਸ਼ਾਲ ਰੋਸ ਧਰਨਾ ਦਿੱਤਾ ਜਾਵੇਗਾ | ਯੂਨੀਅਨ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਇਸ ਧਰਨੇ ਵਿਚ ਵੱਡੀ ਗਿਣਤੀ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਗਈ ਹੈ |