ਫ਼ਿਰੋਜ਼ਪੁਰ, 22 ਮਈ (ਕੁਲਬੀਰ ਸਿੰਘ ਸੋਢੀ)-ਪਿਛਲੇ ਦਿਨੀਂ ਦੋ ਨਾਮੀ ਹਸਪਤਾਲ ਅੰਦਰ ਇਕ ਬੱਚੇ ਅਤੇ ਇਕ ਵਿਅਕਤੀ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ | ਜਿਸ ਲਈ ਪਰਿਵਾਰਿਕ ਮੈਂਬਰਾਂ ਵਲੋਂ ਡਾਕਟਰਾਂ ਅਤੇ ਸਿਹਤ ਕਰਮਚਾਰੀਆਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਕੇ ਮਾਹੌਲ ਨੂੰ ਖ਼ਰਾਬ ਕੀਤਾ ਗਿਆ, ਬਲਕਿ ਪੁਲਿਸ ਕੋਲ ਵੀ ਸ਼ਿਕਾਇਤ ਕੀਤੀ ਗਈ | ਜਿਸ ਦੀ ਸਮੂਹ ਡਾਕਟਰ ਅਤੇ ਸਟਾਫ਼ ਭਾਈਚਾਰੇ ਵਲੋਂ ਭਰਪੂਰ ਨਿੰਦਾ ਕੀਤੀ ਗਈ | ਜਿਸ ਕਰਕੇ ਹਸਪਤਾਲਾਂ ਵਿਚ ਦਿਨ-ਬ-ਦਿਨ ਕਿਸੇ ਨਾ ਕਿਸੇ ਮਸਲੇ ਨੂੰ ਲੈ ਕੇ ਡਾਕਟਰਾਂ ਅਤੇ ਸਿਹਤ ਕਰਮਚਾਰੀਆਂ ਖ਼ਿਲਾਫ਼ ਲੋਕਾਂ ਵਿਚ ਵੱਧ ਰਹੀ ਹਿੰਸਾ, ਧਮਕੀਆਂ ਅਤੇ ਗ਼ਲਤ ਜਾਣਕਾਰੀ ਦੇ ਵਿਰੋਧ ਵਿਚ ਅਨਿਲ ਬਾਗ਼ੀ ਹਸਪਤਾਲ ਦੇ ਡਾਕਟਰਾਂ ਅਤੇ ਕਰਮਚਾਰੀਆਂ ਵਲੋਂ ਇਕ ਸ਼ਾਂਤਮਈ ਮਾਰਚ ਕੱਢਿਆ ਗਿਆ | ਜਿਸ ਦੀ ਅਗਵਾਈ ਅਨਿਲ ਬਾਗ਼ੀ ਹਸਪਤਾਲ ਦੇ ਮਾਲਕ ਡਾਕਟਰ ਕਮਲ ਬਾਗ਼ੀ ਨੇ ਕੀਤੀ | ਇਹ ਸ਼ਾਂਤਮਈ ਮਾਰਚ ਸਵੇਰੇ 10 ਵਜੇ ਅਨਿਲ ਬਾਗ਼ੀ ਹਸਪਤਾਲ ਤੋਂ ਸ਼ੁਰੂ ਹੋ ਕੇ ਨਾਮਦੇਵ ਚੌਂਕ ਤੱਕ ਗਿਆ | ਜਿਸ ਵਿਚ ਵੱਖ-ਵੱਖ ਮਾਹਿਰ ਡਾਕਟਰਾਂ, ਸਲਾਹਕਾਰਾਂ, ਨਰਸਿੰਗ ਸਟਾਫ਼, ਪੈਰਾ ਮੈਡੀਕਲ ਸਟਾਫ਼ ਅਤੇ ਹੋਰ ਸਿਹਤ ਕਰਮਚਾਰੀਆਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ | ਮਾਰਚ ਵਿਚ ਸ਼ਾਮਲ ਹੋਏ ਡਾ. ਸੌਰਭ ਬਾਗ਼ੀ, ਡਾ. ਵੈਸ਼ਾਲੀ ਬਾਗ਼ੀ, ਡਾ. ਹਰਸ਼ ਭੋਲਾ, ਡਾ. ਅਸ਼ਵਨੀ ਕਾਲੀਆ, ਡਾ. (ਮਿਸਿਜ਼) ਕਾਲੀਆ, ਡਾ. ਬਲਦੇਵ ਰਾਜ, ਡਾ. ਅਨਿਲ ਚੋਪੜਾ, ਡਾ. ਵਿਕਾਸ ਅਰੋੜਾ, ਡਾ. ਧੀਰ ਅਤੇ ਡਾ. ਅਸੀਜਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਡਾਕਟਰਾਂ ਅਤੇ ਕਰਮਚਾਰੀਆਂ 'ਤੇ ਨਾਜਾਇਜ਼ ਹਿੰਸਾ ਕਰਨਾ ਮਨੁੱਖਤਾ 'ਤੇ ਵੱਡਾ ਹਮਲਾ ਹੈ | ਕਿਉਂਕਿ ਆਮ ਸੁਣਿਆ ਜਾਂਦਾ ਹੈ ਕਿ ਡਾਕਟਰ ਰੱਬ ਦਾ ਦੂਜਾ ਰੂਪ ਹੈ, ਜੋ ਇਨਸਾਨ ਨੂੰ ਜ਼ਿੰਦਗੀ ਦਿੰਦਾ ਹੈ 'ਤੇ ਦੇਣ ਲਈ ਹਰ ਸੰਭਵ ਕੋਸ਼ਿਸ਼ ਕਰਦਾ ਹੈ | ਉਨ੍ਹਾਂ ਕਿਹਾ ਕਿ ਡਾਕਟਰ ਅਤੇ ਸਿਹਤ ਕਰਮਚਾਰੀ ਆਪਣੀ ਜ਼ਿੰਦਗੀ ਲੋਕਾਂ ਦੀ ਸੇਵਾ ਅਤੇ ਜਾਨਾਂ ਬਚਾਉਣ ਲਈ ਸਮਰਪਿਤ ਕਰਦੇ ਹਨ | ਇਸ ਲਈ ਉਨ੍ਹਾਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਸਨਮਾਨ ਅਤੇ ਸਹਿਯੋਗ ਮਿਲਣਾ ਬਹੁਤ ਜ਼ਰੂਰੀ ਹੈ | ਕਿਉਂਕਿ ਡਾਕਟਰ 'ਤੇ ਸਿਹਤ ਕਰਮਚਾਰੀ ਕਿਸੇ ਮਰੀਜ਼ ਦਾ ਇਲਾਜ ਕਰਨ ਸਮੇਂ ਕਿਸੇ ਜਾਤ ਅਤੇ ਮਜ਼੍ਹਬ ਨੂੰ ਨਹੀਂ ਦੇਖਦੇ, ਬਲਕਿ ਇਨਸਾਨ ਦੀ ਜ਼ਿੰਦਗੀ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹਨ | ਉਨ੍ਹਾਂ ਕਿਹਾ ਕਿ ਲੋਕ ਹਿੰਸਾ ਦਾ ਰਾਹ ਛੱਡ ਕੇ ਰੱਬ 'ਤੇ ਭਰੋਸਾ ਰੱਖਣ, ਕਿਉਂਕਿ ਡਾਕਟਰ ਵੀ ਉਸ ਪ੍ਰਮਾਤਮਾ ਦਾ ਸਹਾਰਾ ਲੈ ਕੇ ਹੀ ਕੰਮ ਕਰਦੇ ਹਨ | ਰੋਸ ਮਾਰਚ ਦੌਰਾਨ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਗਿਆ ਕਿ ਅਫ਼ਵਾਹਾਂ ਅਤੇ ਗ਼ਲਤ ਜਾਣਕਾਰੀ ਨਾ ਸਿਰਫ਼ ਡਾਕਟਰਾਂ ਨੂੰ ਪ੍ਰਭਾਵਿਤ ਕਰਦੀ ਹੈ, ਬਲਕਿ ਪੂਰੀ ਸਿਹਤ ਪ੍ਰਣਾਲੀ 'ਤੇ ਮਾੜਾ ਅਸਰ ਪਾਉਂਦੀ ਹੈ | ਇਸ ਮੌਕੇ ਵੱਡੀ ਸੰਖਿਆ ਵਿਚ ਸਿਹਤ ਕਰਮਚਾਰੀ ਹਾਜ਼ਰ ਸਨ |