ਮੁੱਦਕੀ, 22 ਮਈ (ਭਾਰਤ ਭੂਸ਼ਨ ਅਗਰਵਾਲ)-ਦਿਨੋਂ-ਦਿਨ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਹਰ ਮਨੁੱਖ ਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ ਅਤੇ ਵਾਤਾਵਰਨ ਨੂੰ ਹਰਿਆ-ਭਰਿਆ ਰੱਖਣ ਲਈ ਰੁੱਖਾਂ ਦਾ ਅਹਿਮ ਰੋਲ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੰਤ ਅਮਰਜੀਤ ਸਿੰਘ ਹਰਿਆਲੀ ਲਹਿਰ ਦੇ ਆਗੂ ਸਮਾਜ ਸੇਵੀ ਮਾਸਟਰ ਦੀਦਾਰ ਸਿੰਘ ਅਤੇ ਸਮਾਜ ਸੇਵੀ ਜਸਵਿੰਦਰ ਸਿੰਘ ਬੱਬੂ ਭੈਲ ਨੇ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਦਿਨੋਂ-ਦਿਨ ਗਰਮੀ ਦਾ ਪ੍ਰਕੋਪ ਵੱਧ ਰਿਹਾ, ਉਸ ਅਨੁਸਾਰ ਵੱਧ ਤੋਂ ਵੱਧ ਬੂਟਿਆਂ ਦਾ ਲੱਗਣਾ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਕੇਵਲ ਬੂਟੇ ਲਗਾਉਣ 'ਤੇ ਆਲੇ-ਦੁਆਲੇ ਦੀ ਸਫ਼ਾਈ ਰੱਖਣੀ ਬਹੁਤ ਜ਼ਰੂਰੀ ਹੈ ਅਤੇ ਇਸ ਦੇ ਨਾਲ ਹੀ ਆਪਣੇ ਘਰਾਂ ਵਿਚ ਕੂੜੇਦਾਨ ਰੱਖਣ, ਗੰਦਗੀ ਨੂੰ ਸਮੇਂ ਸਿਰ ਢੁਕਵੀਂ ਥਾਂ 'ਤੇ ਡੰਪ ਕਰਨਾ, ਗਲੀਆਂ ਨਾਲੀਆਂ ਦੀ ਸਫ਼ਾਈ ਅਤੇ ਖੁੱਲੇ੍ਹ ਵਿਚ ਪਖਾਨਾ ਨਾ ਜਾਣਾ ਵੀ ਬਹੁਤ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਦੀ ਰੋਕਥਾਮ ਲਈ ਲਗਾਏ ਜਾ ਰਹੇ ਬੂਟਿਆਂ ਦੀ ਸਾਂਭ-ਸੰਭਾਲ ਕਰਨੀ ਵੀ ਸਾਡੀ ਜ਼ਿੰਮੇਵਾਰੀ ਬਣਦੀ ਹੈ | ਮਾਸਟਰ ਦੀਦਾਰ ਸਿੰਘ ਅਤੇ ਜਸਵਿੰਦਰ ਸਿੰਘ ਬੱਬੂ ਭੈਲ ਨੇ ਕਿਹਾ ਕਿ ਘਰੇਲੂ ਬਗੀਚੇ ਲਗਾ ਕੇ ਘਰਾਂ ਅੰਦਰ ਹਰਿਆਵਲ ਅਤੇ ਕੀਟਨਾਸ਼ਕ ਰਹਿਤ ਜੈਵਿਕ ਖਾਦਾਂ ਦੀ ਵਰਤੋਂ ਨਾਲ ਤਿਆਰ ਕੀਤੀਆਂ ਫ਼ਲ ਸਬਜ਼ੀਆਂ ਉਪਯੋਗ ਵਿਚ ਲਿਆਂਦੀਆਂ ਜਾਣ ਤਾਂ ਜੋ ਇਕ ਸਿਹਤਮੰਦ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ |