ਫਿਰੋਜ਼ਪੁਰ, 22 ਮਈ (ਸੁਖਵਿੰਦਰ ਸਿੰਘ)-ਕਾਂਗਰਸ ਦੇ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਨਗਰ ਕੌਂਸਲ ਚੋਣਾਂ ਦੌਰਾਨ ਵਿਰੋਧੀਆਂ 'ਤੇ ਨਿਸ਼ਾਨਾ ਸਾਧਦਿਆਂ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਵਿਕਾਸ ਦੀ ਰਾਜਨੀਤੀ ਕੀਤੀ ਹੈ ਅਤੇ ਲੋਕਾਂ ਤੋਂ ਵੋਟ ਵੀ ਵਿਕਾਸ ਦੇ ਨਾਮ 'ਤੇ ਹੀ ਮੰਗ ਰਹੀ ਹੈ | ਉਨ੍ਹਾਂ ਕਿਹਾ ਕਿ ਜਦੋਂ ਕਾਂਗਰਸ ਦੀ ਸਰਕਾਰ ਰਹੀ, ਉਦੋਂ ਫਿਰੋਜ਼ਪੁਰ ਸ਼ਹਿਰ ਦੇ ਵਿਕਾਸ ਪੱਖੋਂ ਕੋਈ ਕਸਰ ਨਹੀਂ ਛੱਡੀ ਗਈ | ਹਰ ਵਰਗ ਲਈ ਬਿਹਤਰੀ ਦੇ ਕੰਮ ਕਰਵਾਏ ਗਏ | ਪਿੰਕੀ ਨੇ ਕਿਹਾ ਕਿ ਉਹ ਸਿਰਫ਼ ਵੱਡੇ-ਵੱਡੇ ਦਾਅਵੇ ਕਰਨ 'ਤੇ ਵਿਸ਼ਵਾਸ ਨਹੀਂ ਰੱਖਦੇ, ਸਗੋਂ ਜ਼ਮੀਨੀ ਪੱਧਰ 'ਤੇ ਕੰਮ ਕਰਕੇ ਦਿਖਾਉਣ ਵਿਚ ਯਕੀਨ ਰੱਖਦੇ ਹਨ | ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਸਰਕਾਰ ਦੇ ਸਮੇਂ ਸ਼ਹਿਰ ਵਿਚ ਸੜਕਾਂ, ਸੀਵਰੇਜ, ਸਟਰੀਟ ਲਾਈਟਾਂ ਅਤੇ ਹੋਰ ਬੁਨਿਆਦੀ ਸੁਵਿਧਾਵਾਂ ਲਈ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਕਰਵਾਏ ਗਏ | ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਨੂੰ ਨਵੀਂ ਪਹਿਚਾਣ ਦੇਣ ਲਈ ਸ਼ਹਿਰ ਦੇ ਪ੍ਰਵੇਸ਼ ਦੁਆਰਾਂ 'ਤੇ ਸ਼ਾਨਦਾਰ ਗੇਟ ਲਗਵਾਏ ਗਏ, ਪਾਰਕਾਂ ਦੀ ਸੁੰਦਰਤਾ ਵਧਾਈ ਗਈ ਅਤੇ ਲੋਕਾਂ ਦੀ ਸਹੂਲਤ ਲਈ ਪਾਰਕਾਂ ਵਿੱਚ ਐਲ.ਈ.ਡੀ ਸਕਰੀਨਾਂ ਲਗਾਈਆਂ ਗਈਆਂ, ਜਿੱਥੇ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਨ ਵੀ ਦਿਖਾਇਆ ਗਿਆ | ਪਿੰਕੀ ਨੇ ਕਿਹਾ ਕਿ ਇਹ ਉਪਰਾਲਾ ਲੋਕਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ ਅਤੇ ਸਵੇਰ-ਸ਼ਾਮ ਪਾਰਕਾਂ ਵਿੱਚ ਸੈਰ ਕਰਨ ਆਉਣ ਵਾਲੇ ਲੋਕ ਵੀ ਇਸ ਦੀ ਖੁੱਲ੍ਹ ਕੇ ਸ਼ਲਾਘਾ ਕਰਦੇ ਹਨ | ਸ਼ਹਿਰ ਨਿਵਾਸੀਆਂ ਨੇ ਵੀ ਪਿੰਕੀ ਦੇ ਹੱਕ ਵਿਚ ਆਪਣੀ ਰਾਏ ਦਿੰਦਿਆਂ ਕਿਹਾ ਕਿ ਪਿੰਕੀ ਨੇ ਪਾਰਕਾਂ ਵਿਚ ਐਲ.ਈ.ਡੀ ਲਗਾ ਕੇ ਬਹੁਤ ਵਧੀਆ ਉਪਰਾਲਾ ਕੀਤਾ ਸੀ | ਪਰਮਿੰਦਰ ਸਿੰਘ ਪਿੰਕੀ ਨੇ ਦੋਸ਼ ਲਗਾਇਆ ਕਿ ਮੌਜੂਦਾ ਸਰਕਾਰ ਨੇ ਵਿਕਾਸ ਦੀ ਰਫ਼ਤਾਰ ਨੂੰ ਪੂਰੀ ਤਰ੍ਹਾਂ ਰੋਕ ਦਿੱਤਾ ਹੈ | ਅਸੀਂ ਸ਼ਹਿਰ ਨੂੰ ਜਗਮਗ ਕੀਤਾ, ਲੋਕਾਂ ਨੂੰ ਸਹੂਲਤਾਂ ਦਿੱਤੀਆਂ ਅਤੇ ਸਰਹੱਦੀ ਇਲਾਕੇ ਲਈ ਖਾਸ ਫ਼ੰਡ ਲਿਆਂਦੇ, ਪਰ ਅੱਜ ਸ਼ਹਿਰ ਦੇ ਹਾਲਾਤ ਸਭ ਦੇ ਸਾਹਮਣੇ ਹਨ | ਚੋਣੀ ਮਾਹੌਲ ਬਾਰੇ ਗੱਲ ਕਰਦਿਆਂ ਉਨ੍ਹਾਂ ਵਿਸ਼ਵਾਸ ਜਤਾਇਆ ਕਿ 29 ਨੂੰ ਨਗਰ ਕੌਂਸਲ 'ਤੇ ਕਾਂਗਰਸ ਦਾ ਝੰਡਾ ਲਹਿਰਾਏਗਾ | ਫਿਰੋਜ਼ਪੁਰ ਦੀ ਜਨਤਾ ਵਿਕਾਸ ਦੇ ਮੁੱਦੇ 'ਤੇ ਕਾਂਗਰਸ ਦੇ ਹੱਕ ਵਿੱਚ ਫ਼ੈਸਲਾ ਸੁਣਾਏਗੀ |