ਫ਼ਿਰੋਜ਼ਪੁਰ, 22 ਮਈ (ਕੁਲਬੀਰ ਸਿੰਘ ਸੋਢੀ)-ਨਗਰ ਕੌਂਸਲ ਦੇ ਵਾਰਡ ਨੰਬਰ 16 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਾਜਬੀਰ ਸਿੰਘ ਰਾਮਗੜ੍ਹੀਆਂ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ, ਜਦ ਰਾਮਗੜ੍ਹੀਆਂ ਬਰਾਦਰੀ ਦੇ ਸਮੂਹ ਪਰਿਵਾਰਾਂ ਨੇ ਰਾਜਬੀਰ ਸਿੰਘ ਨੂੰ ਆਪਣਾ ਸਮਰਥਨ ਦੇਣ ਦਾ ਐਲਾਨ ਕੀਤਾ | ਉਮੀਦਵਾਰ ਰਾਜਬੀਰ ਸਿੰਘ ਨੇ ਰਾਮਗੜ੍ਹੀਆਂ ਬਰਾਦਰੀ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ 'ਤੇ ਵਿਸ਼ਵਾਸ ਦਿੱਤਾ ਕਿ ਵਾਰਡ ਨੰਬਰ 16 ਦੀ ਨੁਹਾਰ ਬਦਲ ਦਿੱਤੀ ਜਾਵੇਗੀ ਅਤੇ ਲੋਕ-ਹਿਤ ਨੀਤੀਆਂ ਨੂੰ ਪਹਿਲ ਦਿੰਦੇ ਹੋਏ ਵਾਰਡ ਵਾਸੀਆਂ ਨੂੰ ਸਹੂਲਤਾਂ ਮੁਹੱਈਆ ਕਾਰਵਾਈਆਂ ਜਾਣਗੀਆਂ | ਉਨ੍ਹਾਂ ਕਿਹਾ ਕਿ ਭਗਵੰਤ ਮਾਨ ਵਲੋਂ ਜੋ ਚੋਣਾਂ ਦੌਰਾਨ ਵਾਅਦੇ ਕੀਤੇ ਗਏ ਸੀ, ਉਹ ਪੂਰੇ ਕੀਤੇ ਜਾ ਰਹੇ ਹਨ | ਰਾਜਬੀਰ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਮੁੱਖ ਮੰਤਰੀ ਵਲੋਂ ਪੰਜਾਬ ਵਿਚੋਂ ਭਿ੍ਸ਼ਟਾਚਾਰ ਨੂੰ ਖ਼ਤਮ ਕਰਕੇ ਲੋਕ-ਹਿਤ ਫ਼ੈਸਲਿਆਂ ਨੂੰ ਪਹਿਲ ਦਿੱਤੀ ਜਾ ਰਹੀ ਹੈ | ਉਸ ਤਰ੍ਹਾਂ ਵਾਰਡ ਵਾਸੀਆਂ ਨੂੰ ਪੇਸ਼ ਆਉਂਦੀਆਂ ਪ੍ਰੇਸ਼ਾਨੀਆਂ ਨੂੰ ਦੂਰ ਕਰਨ ਲਈ ਸਾਫ਼ ਪੀਣ ਵਾਲੇ ਪਾਣੀ ਸੀ ਸੁਵਿਧਾ, ਸਟਰੀਟ ਲਾਈਟਾਂ, ਸੀਵਰੇਜ ਦੀ ਸਫ਼ਾਈ, ਸੜਕਾਂ, ਗਲੀਆਂ, ਨਸ਼ਾ ਵੇਚਣ ਵਾਲਿਆਂ 'ਤੇ ਸ਼ਿਕੰਜਾ, ਬੁਢਾਪਾ ਪੈਨਸ਼ਨ ਆਦਿ ਲਈ ਢੁਕਵੇਂ ਕਦਮ ਚੁੱਕੇ ਜਾਣਗੇ | ਰਾਜਬੀਰ ਸਿੰਘ ਨੇ ਕਿਹਾ ਕਿ ਵਾਰਡ ਵਾਸੀਆਂ ਦੀ ਸਿਹਤ ਸੁਰੱਖਿਆ ਲਈ ਮੈਡੀਕਲ ਕੈਂਪ ਦੀ ਸੁਵਿਧਾ ਨੂੰ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਭੁੱਲਰ ਦੀ ਵਧੀਆ ਕਾਰਗੁਜ਼ਾਰੀ ਹੋਣ ਕਰਕੇ ਰਵਾਇਤੀ ਪਾਰਟੀਆਂ ਦੇ ਆਗੂਆਂ ਕੋਲ ਲੋਕਾਂ ਨੂੰ ਭਰਮਾਉਣ ਲਈ ਕੋਈ ਮੁੱਦਾ ਨਹੀਂ ਲੱਭ ਰਿਹਾ | ਜਿਸ ਕਰਕੇ ਵੋਟਾਂ ਹਾਸਲ ਕਰਨ ਲਈ ਤਰਲੋ ਮੱਛੀ ਹੋ ਰਹੇ ਹਨ, ਕਿਉਂਕਿ ਲੋਕ ਇਨ੍ਹਾਂ ਰਵਾਇਤੀ ਪਾਰਟੀਆਂ ਦੀਆਂ ਜਾਲ੍ਹਸਾਜ਼ੀਆਂ ਤੋਂ ਭਲੀ ਭਾਂਤ ਜਾਣੂ ਹਨ | ਉਨ੍ਹਾਂ ਹਾਜ਼ਰ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਵਾਰਡ ਅਤੇ ਸ਼ਹਿਰ ਵਾਸੀਆਂ ਦੀ ਸੇਵਾ 'ਚ ਹਮੇਸ਼ਾ ਹਾਜ਼ਰ ਰਹਿਣਗੇ | ਇਸ ਮੌਕੇ ਵੱਡੀ ਸੰਖਿਆ ਵਿਚ ਰਾਮਗੜ੍ਹੀਆ ਬਰਾਦਰੀ ਦੇ ਲੋਕ ਹਾਜ਼ਰ ਸਨ |