ਮੱਖੂ, 28 ਮਈ (ਵਰਿੰਦਰ ਮਨਚੰਦਾ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਮਹਿਲਾਵਾਂ ਲਈ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਅਧੀਨ ਪੰਜਾਬ ਦੇ ਕਈ ਜ਼ਿਲਿ੍ਹਆਂ 'ਚ ਫਾਰਮ ਭਰੇ ਜਾ ਰਹੇ ਹਨ, ਜਿਸ ਦੇ ਚੱਲਦਿਆਂ ਪਿਛਲੇ ਦਿਨੀਂ ਮੱਖੂ ਅੰਦਰ ਫਾਰਮ ਭਰਨ ਦੀ ਸ਼ੁਰੂ ਕੀਤੀ ਗਈ ਸੀ | ਇਸੇ ਲੜੀ ਦੇ ਤਹਿਤ ਹਲਕਾ ਵਿਧਾਇਕ ਨਰੇਸ਼ ਕਟਾਰੀਆ, ਸੀਨੀਅਰ ਯੂਥ ਆਗੂ ਸ਼ੰਕਰ ਕਟਾਰੀਆ ਅਤੇ ਨਗਰ ਪੰਚਾਇਤ ਮੱਖੂ ਦੇ ਪ੍ਰਧਾਨ ਨਰਿੰਦਰ ਮੋਹਣ ਕਟਾਰੀਆ ਦੀ ਅਗਵਾਈ ਹੇਠ ਮੱਖੂ ਦੇ ਵਾਰਡ ਨੰਬਰ 13 ਅੰਦਰ ਕੌਂਸਲਰ ਦਵਿੰਦਰ ਸਿੰਘ ਵਲੋਂ ਫਾਰਮ ਭਰਨ ਦੀ ਸ਼ੁਰੂਆਤ ਕਰਵਾਈ ਗਈ | ਇਸ ਮੌਕੇ ਕੌਂਸਲਰ ਦਵਿੰਦਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਸ਼ੁਰੂ ਕਰਕੇ ਸਰਕਾਰ ਨੇ ਗਰੰਟੀ ਪੂਰੀ ਕਰ ਦਿੱਤੀ ਹੈ, ਜਿਸ ਨਾਲ ਮਾਵਾਂ-ਧੀਆਂ ਵਿਚ ਖ਼ੁਸ਼ੀ ਦਾ ਮਾਹੌਲ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੂਬਾ ਵਾਸੀਆਂ ਨਾਲ ਕੀਤੀਆਂ ਗਰੰਟੀਆਂ ਨੂੰ ਪੂਰਾ ਕੀਤਾ ਹੈ ਅਤੇ ਲੋਕ ਹਿਤ ਵਿਚ ਵੱਡੇ ਇਤਿਹਾਸਕ ਫ਼ੈਸਲੇ ਲਏ ਗਏ ਹਨ | ਇਸ ਮੌਕੇ ਉਨ੍ਹਾਂ ਨੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ | ਇਸ ਮੌਕੇ ਫਾਰਮ ਭਰਵਾਉਣ ਆਈਆਂ ਮਹਿਲਾਵਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ |