ਫ਼ਿਰੋਜ਼ਪੁਰ, 29 ਮਈ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਮੰਡਲ ਵਲੋਂ ਪੰਜਾਬ ਰਾਜ ਤੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੱਕ ਅਨਾਜ ਦੀ ਸਪਲਾਈ ਨੂੰ ਨਿਰਵਿਘਨ ਅਤੇ ਸੁਚਾਰੂ ਬਣਾਈ ਰੱਖਣ ਵਿਚ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ | ਮੰਡਲ ਵਲੋਂ ਭਾਰਤੀ ਖ਼ੁਰਾਕ ਨਿਗਮ ਅਤੇ ਹੋਰ ਸਬੰਧਤ ਖ਼ੁਰਾਕ ਏਜੰਸੀਆਂ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖਦੇ ਹੋਏ | ਉਨਾਂ ਦੀ ਮੰਗ ਅਨੁਸਾਰ ਸਰਵਉੱਚ ਤਰਜੀਹ ਦਿੰਦੇ ਹੋਏ ਮਾਲ ਗੱਡੀਆਂ ਦੀ ਉਪਲਬਧਤਾ ਨੂੰ ਯਕੀਨੀ ਬਣਾਇਆ ਜਾ ਰਿਆ ਹੈ | ਮੰਡਲ ਵਲੋਂ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ | ਜਿਸ ਨਾਲ ਅਨਾਜ ਦੀ ਸੁਰੱਖਿਅਤ ਲੋਡਿੰਗ, ਤੇਜ਼ ਆਵਾਜਾਈ ਅਤੇ ਸੁਚਾਰੂ ਸੰਚਾਲਨ ਯਕੀਨੀ ਹੋ ਸਕੇ | ਇਸ ਦੇ ਨਾਲ ਹੀ, ਕੁਸ਼ਲ ਪ੍ਰਬੰਧਨ ਰਾਹੀਂ ਮਾਲ ਗੱਡੀਆਂ ਨੂੰ ਨਿਰਧਾਰਿਤ ਮੰਜ਼ਿਲਾਂ ਤੱਕ ਸੁਰੱਖਿਅਤ ਅਤੇ ਸਮੇਂ ਸਿਰ ਪਹੁੰਚਾਇਆ ਜਾ ਰਿਹਾ ਹੈ | ਇਸੇ ਲੜੀ ਤਹਿਤ ਫ਼ਿਰੋਜ਼ਪੁਰ ਮੰਡਲ ਨੇ ਮਿਤੀ 28 ਮਈ 2026 ਨੂੰ ਇਕੋ ਦਿਨ ਵਿਚ 13 ਮਾਲ ਗੱਡੀਆਂ ਦੀ ਲੋਡਿੰਗ ਕਰਕੇ ਇਕ ਨਵਾਂ ਰਿਕਾਰਡ ਸਥਾਪਿਤ ਕੀਤਾ ਹੈ | ਇਨਾਂ 13 ਮਾਲ ਗੱਡੀਆਂ ਦੀ ਲੋਡਿੰਗ ਨੇ ਮੰਡਲ ਦੇ ਇਤਿਹਾਸ ਵਿਚ ਇਕ ਨਵਾਂ ਮੀਲ ਪੱਥਰ ਸਥਾਪਿਤ ਕਰ ਦਿੱਤਾ ਹੈ | ਮੰਡਲ ਦੇ ਫ਼ਿਰੋਜ਼ਪੁਰ ਸ਼ਹਿਰ, ਬਟਾਲਾ, ਸੂਰਾ ਨੁੱਸੀ, ਮਲਸੀਆਂ, ਗੁਰੂਹਰਸਹਾਏ, ਕਪੂਰਥਲਾ, ਜਗਰਾਉਂ, ਬਿਆਸ, ਫ਼ਰੀਦਕੋਟ, ਤਲਵੰਡੀ ਭਾਈ, ਅਜੀਤਵਾਲ, ਗੰਗਸਰ ਜੈਤੋ ਅਤੇ ਜੰਡਿਆਲਾ ਰੇਲਵੇ ਸਟੇਸ਼ਨਾਂ ਤੋਂ ਭਾਰਤੀ ਖ਼ੁਰਾਕ ਨਿਗਮ ਵਲੋਂ ਕਣਕ ਅਤੇ ਫੋਰਟੀਫਾਈਡ ਕਰਨਲ ਚੌਲਾਂ ਦੀ ਲੋਡਿੰਗ ਕਰਕੇ ਵੱਖ-ਵੱਖ ਮੰਜ਼ਿਲਾਂ ਲਈ ਰਵਾਨਾ ਕੀਤੀ ਗਈ | ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਨੇ ਦੱਸਿਆ ਕਿ ਫ਼ਿਰੋਜ਼ਪੁਰ ਮੰਡਲ ਦੇਸ਼ ਭਰ ਵਿਚ ਅਨਾਜ ਦੀ ਸਪਲਾਈ ਨੂੰ ਸੁਚਾਰੂ ਬਣਾਈ ਰੱਖਣ ਵਿਚ ਅਹਿਮ ਭੂਮਿਕਾ ਨਿਭਾ ਰਿਹਾ ਹੈ |