ਜ਼ੀਰਾ,30 ਮਈ (ਰਜਨੀਸ਼ ਕਥੂਰੀਆ)-ਪਿੰਡ ਟਿੰਡਵਾਂ ਤੋਂ ਸ਼ਾਹਵਾਲਾ ਤੱਕ ਪ੍ਰਧਾਨ ਮੰਤਰੀ ਗਰਾਮ ਸੜਕ ਯੋਜਨਾ ਦੇ ਤਹਿਤ ਫ਼ਿਰੋਜ਼ਪੁਰ ਦੇ ਇੱਕ ਠੇਕੇਦਾਰ ਵਲੋਂ ਲਗਭਗ 8 ਕਿੱਲੋਮੀਟਰ ਲੰਬੀ ਸੜਕ ਦੀ ਮੁਰੰਮਤ ਕਰਨ ਅਤੇ ਇਸ ਵਿਚ ਵਾਧਾ ਕਰਕੇ ਸੜਕ ਮੁਕੰਮਲ ਹੋਣ ਦੇ 20 ਦਿਨ ਬਾਅਦ ਹੀ ਟੁੱਟਣੀ ਅਤੇ ਧਸਣੀ ਸ਼ੁਰੂ ਹੋ ਗਈ ਹੈ | ਇਸ ਸਬੰਧ ਵਿਚ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਪੰਜਾਬ ਸਮੇਤ ਉੱਚ ਅਧਿਕਾਰੀਆਂ ਨੂੰ ਭੇਜੇ ਗਏ ਲਿਖਤੀ ਸ਼ਿਕਾਇਤ ਪੱਤਰਾਂ ਵਿਚ ਤਹਿਸੀਲ ਜ਼ੀਰਾ ਦੇ ਪਿੰਡ ਟਿੰਡਵਾ, ਮੱਲੋਕੇ, ਨੂਰਪੁਰ ਵਾਸੀਆਂ ਨੇ ਟਿੰਡਵਾ ਰੋਡ ਤੋਂ ਪਿੰਡ ਸ਼ਾਹਵਾਲਾ ਵਾਇਆ ਪਿੰਡ ਮੱਲੋਕੇ, ਨੂਰਪੁਰ ਮਾਛੀਵਾੜਾ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਦੇ ਤਹਿਤ ਇਸ ਸੜਕ ਮੁਰੰਮਤ ਅਤੇ ਇਸ ਵਿਚ ਵਾਧਾ ਕਰਨ ਲਈ ਸ਼ੈਰੀ ਮੋਂਗਾ, ਠੇਕੇਦਾਰ, ਫ਼ਿਰੋਜਪੁਰ ਅਤੇ ਮੈਸਰਜ਼ ਸਤਿਆਪਾਲ ਕੰਟਰੈਕਟਰ, ਫ਼ਿਰੋਜਪੁਰ ਨੂੰ ਠੇਕਾ ਪ੍ਰਾਪਤ ਹੋਇਆ ਸੀ | ਇਸ ਠੇਕੇਦਾਰ ਵਲੋ ਸੜਕ ਦੀ ਪੁਟਾਈ ਕਰਕੇ ਨਵੇਂ ਸਿਰੇ ਤੋਂ ਪਾਣੀ ਦੀ ਨਿਕਾਸੀ ਲਈ ਪੁਲੀਆਂ ਹੇਠ ਪਾਈਪਾਂ ਦੱਬੀਆਂ ਜਾਣੀਆਂ ਸਨ ਅਤੇ ਪੁਲੀਆਂ ਨਵੇਂ ਸਿਰੇ ਤੋਂ ਬਣਾਉਣ ਲਈ ਸੜਕ ਦਾ ਪੁਰਾਣਾ ਮੈਟੀਰੀਅਲ ਪੁੱਟ ਕੇ ਨਵਾਂ ਮੈਟੀਰੀਅਲ ਪਾਇਆ ਜਾਣਾ ਸੀ, ਉਨ੍ਹਾਂ ਦੋਸ਼ ਲਗਾਇਆ ਕਿ ਉਕਤ ਠੇਕੇਦਾਰ ਵਲੋਂ ਸੜਕ ਦੇ ਪੁੱਟੇ ਹੋਏ ਮੈਟੀਰੀਅਲ ਨੂੰ ਹੀ ਗਰਮ ਕਰਕੇ ਸੜਕ 'ਤੇ ਵਿਛਾ ਦਿੱਤਾ ਗਿਆ ਅਤੇ ਕੋਈ ਵੀ ਨਵੀਂ ਪੁਲੀ ਤਿਆਰ ਨਹੀਂ ਕੀਤੀ | ਸਿਰਫ਼ ਮੁਰੰਮਤ ਕਰਕੇ ਹੀ ਸੜਕ ਬਣਾਉਣ ਦਾ ਕੰਮ ਮੁਕੰਮਲ ਕੀਤਾ ਗਿਆ ਹੈ ਅਤੇ ਨਾ ਹੀ ਪੂਰੀ ਮਿੱਟੀ ਪਾਈ ਗਈ ਹੈ | ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਕਿ ਇਸ ਸੜਕ ਬਣੀ ਨੂੰ ਸਿਰਫ਼ 20 ਦਿਨ ਹੀ ਬੀਤੇ ਹਨ ਅਤੇ ਇਹ ਸੜਕ ਟੁੱਟਣ ਕਾਰਨ ਇਸ ਵਿਚ ਖੱਡੇ ਵੀ ਪੈ ਗਏ ਹਨ | ਇਸ ਤੋਂ ਇਲਾਵਾ ਬਣਾਈ ਗਈ ਇਸ ਸੜਕ ਦੇ ਕਿਨਾਰੇ ਟੁੱਟ ਗਏ ਹਨ ਅਤੇ ਪੁਲੀਆਂ ਦੀਆ ਇੱਟਾਂ ਖਿਸਕ ਰਹੀਆਂ ਹਨ | ਇਸ ਤਰਾਂ ਠੇਕੇਦਾਰ ਨੇ ਇਸ ਸੜਕ ਦੀ ਮੁਰੰਮਤ ਵਿਚ ਬਹੁਤ ਘੱਟ ਖਰਚਾ ਕੀਤਾ ਹੈ ਅਤੇ ਵਿਭਾਗੀ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਉਨ੍ਹਾਂ ਪਾਸੋਂ ਇਸ ਸੜਕ ਦੇ ਮੁਕੰਮਲ ਹੋਣਾ ਦੱਸ ਕੇ ਆਪਣੀ ਬਕਾਇਆ ਰਾਸ਼ੀ ਮਹਿਕਮੇ ਪਾਸੋਂ ਰਿਲੀਜ਼ ਕਰਵਾਉਣਾ ਚਾਹੁੰਦਾ ਹੈ | ਪਿੰਡ ਵਾਸੀਆਂ ਨੇ ਠੇਕੇਦਾਰ ਦੀਆਂ ਕੀਤੀਆਂ ਗਈਆਂ ਸ਼ਿਕਾਇਤਾਂ ਵਿਚ ਉੱਚ ਅਧਿਕਾਰੀਆਂ ਪਾਸੋਂ ਮੰਗ ਕੀਤੀ ਕਿ ਇਸ ਠੇਕੇਦਾਰ/ਕੰਪਨੀ ਦੀ ਰਕਮ ਰਿਲੀਜ਼ ਕਰਨ 'ਤੇ ਰੋਕ ਲਗਾਈ ਜਾਵੇ ਅਤੇ ਸੜਕ ਦਾ ਨਿਰੀਖਣ ਕਰਕੇ ਠੇਕੇਦਾਰ ਪਾਸੋਂ ਨਿਰਧਾਰਿਤ ਮਾਪਦੰਡਾਂ ਦੇ ਮੁਤਾਬਿਕ ਸੜਕ ਬਣਵਾਈ ਜਾਵੇ ਅਤੇ ਉਸ ਦੇ ਖ਼ਿਲਾਫ਼ ਲਾਪਰਵਾਹੀ ਵਰਤ ਕੇ ਘਟੀਆ ਮੈਟੀਰੀਅਲ ਦੀ ਵਰਤੋਂ ਕਰਨ ਸਬੰਧੀ ਜਾਂਚ ਕਰਵਾ ਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ | ਇਸ ਸੰਬੰਧ ਵਿਚ ਜਦੋਂ ਸੜਕ ਬਣਾਉਣ ਵਾਲੇ ਠੇਕੇਦਾਰ ਸ਼ੈਰੀ ਮੋਂਗਾ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਵਾਰ-ਵਾਰ ਫ਼ੋਨ ਕਰਨ ਦੇ ਬਾਵਜੂਦ ਉਨ੍ਹਾਂ ਨੇ ਫ਼ੋਨ ਅਟੈਂਡ ਕਰਨਾ ਮੁਨਾਸਬ ਨਹੀਂ ਸਮਝਿਆ |