ਫ਼ਿਰੋਜ਼ਪੁਰ, 4 ਜੁਲਾਈ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਮੰਡਲ ਨੇ ਮਾਲ ਢੋਆ-ਢੁਆਈ ਦੇ ਖੇਤਰ ਵਿਚ ਇਕ ਨਵੀਂ ਪ੍ਰਾਪਤੀ ਹਾਸਿਲ ਕਰਦਿਆਂ ਅੱਜ ਪਹਿਲੀ ਵਾਰ ਜਗਰਾਉਂ ਰੇਲਵੇ ਸਟੇਸ਼ਨ ਤੋਂ ਜਗਾਧਰੀ ਲਈ ਮੱਕੀ ਦੀ ਮਿੰਨੀ ਰੈਕ ਲੋਡ ਕੀਤੀ। 21 ਵੈਗਨਾਂ ਵਾਲੀ ਇਸ ਮਿੰਨੀ ਰੈਕ ਰਾਹੀਂ ਮੱਕੀ ਦੀ ਢੋਆ-ਢੁਆਈ ਨਾਲ ਮੰਡਲ ਨੂੰ ਲਗਭਗ 4.85 ਲੱਖ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ ਹੈ। ਜਗਰਾਉਂ ਰੇਲਵੇ ਸਟੇਸ਼ਨ ਤੋਂ ਪਹਿਲਾਂ ਮੁੱਖ ਤੌਰ ’ਤੇ ਭਾਰਤੀ ਖ਼ੁਰਾਕ ਨਿਗਮ ਦੁਆਰਾ ਹੀ ਅਨਾਜ ਦੀ ਢੋਆ-ਢੁਆਈ ਕੀਤੀ ਜਾਂਦੀ ਰਹੀ ਹੈ। ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਦੇ ਮਾਰਗਦਰਸ਼ਨ ਵਿਚ ਬਿਜ਼ਨਸ ਡਿਵੈਲਪਮੈਂਟ ਯੂਨਿਟ ਦੀ ਟੀਮ ਨੇ ਜਗਰਾਉਂ ਮੰਡੀ ਦੇ ਮੱਕੀ ਦੇ ਵਪਾਰੀਆਂ ਨਾਲ ਨਿਰੰਤਰ ਸੰਪਰਕ ਸਥਾਪਿਤ ਕਰਕੇ ਉਨ੍ਹਾਂ ਨੂੰ ਰੇਲ ਆਵਾਜਾਈ ਦੇ ਲਾਭਾਂ ਬਾਰੇ ਜਾਣੂ ਕਰਵਾਇਆ। ਨਤੀਜੇ ਵਜੋਂ, ਜਗਰਾਉਂ ਸਟੇਸ਼ਨ ਤੋਂ ਪਹਿਲੀ ਵਾਰ ਮੱਕੀ ਦੀ ਮਿਨੀ ਰੈਕ ਸਫਲਤਾਪੂਰਵਕ ਰਵਾਨਾ ਕੀਤੀ ਗਈ। ਫ਼ਿਰੋਜ਼ਪੁਰ ਮੰਡਲ ਦੀ ਬਿਜ਼ਨਸ ਡਿਵੈਲਪਮੈਂਟ ਯੂਨਿਟ ਦੇ ਲਗਾਤਾਰ ਯਤਨਾਂ ਸਦਕਾ ਸੜਕੀ ਮਾਰਗ ਰਾਹੀਂ ਹੋਣ ਵਾਲੀ ਮਾਲ ਢੋਆ-ਢੁਆਈ ਨੂੰ ਰੇਲ ਆਵਾਜਾਈ ਵੱਲ ਆਕਰਸ਼ਿਤ ਕਰਨ ਵਿਚ ਲਗਾਤਾਰ ਸਫਲਤਾ ਮਿਲ ਰਹੀ ਹੈ। ਇਸ ਨਾਲ ਰੇਲਵੇ ਦੇ ਮਾਲੀਏ ਵਿਚ ਵਾਧਾ ਹੋਣ ਦੇ ਨਾਲ-ਨਾਲ ਵਪਾਰੀਆਂ ਨੂੰ ਵੀ ਕਿਫ਼ਾਇਤੀ ਅਤੇ ਸੁਰੱਖਿਅਤ ਆਵਾਜਾਈ ਸਹੂਲਤ ਉਪਲਬਧ ਹੋ ਰਹੀ ਹੈ। ਸੀਨੀਅਰ ਮੰਡਲ ਵਣਜ ਪ੍ਰਬੰਧਕ (ਫਰੇਟ) ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਬਿਜ਼ਨਸ ਡਿਵੈਲਪਮੈਂਟ ਯੂਨਿਟ ਵਲੋਂ ਵਪਾਰ ਅਤੇ ਉਦਯੋਗ ਜਗਤ ਨਾਲ ਨਿਯਮਤ ਸੰਪਰਕ ਸਥਾਪਿਤ ਕੀਤਾ ਜਾ ਰਿਹਾ ਹੈ। ਭਾਰਤੀ ਰੇਲਵੇ ਵਲੋਂ ਮਾਲ ਭਾੜੇ ਸਬੰਧੀ ਵੱਖ-ਵੱਖ ਰਿਆਇਤਾਂ, ਇਕ ਵੈਗਨ ਤੱਕ ਦੀ ਮੰਗ ਦੀ ਪੂਰਤੀ ਅਤੇ ਪੀਸਮੀਲ ਟਰੈਫ਼ਿਕ ਵਰਗੀਆਂ ਸਹੂਲਤਾਂ ਉਪਲਬਧ ਕਰਵਾਉਣ ਨਾਲ ਛੋਟੇ ਅਤੇ ਦਰਮਿਆਨੇ ਵਪਾਰੀ ਵੀ ਸਮੂਹ ਬਣਾ ਕੇ ਆਪਣੇ ਮਾਲ ਦੀ ਰੇਲ ਮਾਰਗ ਰਾਹੀਂ ਢੋਆ-ਢੁਆਈ ਕਰਕੇ ਲਾਭ ਉਠਾ ਰਹੇ ਹਨ।