ਫ਼ਿਰੋਜ਼ਪੁਰ, 4 ਜੁਲਾਈ (ਗੁਰਿੰਦਰ ਸਿੰਘ)-ਥਾਣਾ ਸਦਰ ਫ਼ਿਰੋਜ਼ਪੁਰ ਦੀ ਪੁਲਿਸ ਨੇ ਨਸ਼ਾ ਤਸਕਰਾਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਹੈਰੋਇਨ ਵੇਚਣ ਲਈ ਗਾਹਕ ਉਡੀਕਦੇ ਇਕ ਨਸ਼ਾ ਤਸਕਰ ਨੂੰ ਕਾਬੂ ਕਰਕੇ ਉਸ ਕੋਲੋਂ 8.35 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਜਾਣਕਾਰੀ ਦਿੰਦਿਆਂ ਹਵਾਲਦਾਰ ਰਮੇਸ਼ ਕੁਮਾਰ ਨੇ ਦੱਸਿਆ ਕਿ ਬੀਤੇ ਦਿਨ ਉਹ ਪੁਲਿਸ ਪਾਰਟੀ ਸਮੇਤ ਆਰ.ਟੀ.ਏ. ਚੌਕ, ਫ਼ਿਰੋਜ਼ਪੁਰ ਨੇੜੇ ਗਸ਼ਤ ਦੌਰਾਨ ਮੌਜੂਦ ਸਨ। ਇਸ ਦੌਰਾਨ ਮੁਖ਼ਬਰ ਖ਼ਾਸ ਨੇ ਸੂਚਨਾ ਦਿੱਤੀ ਕਿ ਸਾਜਨ ਪੁੱਤਰ ਬੋਹੜਾਂ, ਵਾਸੀ ਪਿੰਡ ਖਾਈ ਫੇਮੇ ਕੀ, ਪੁਰਾਣੇ ਐੱਸ.ਡੀ.ਐਮ. ਦਫ਼ਤਰ ਨੇੜੇ ਖੜ੍ਹਾ ਹੈ ਅਤੇ ਹੈਰੋਇਨ ਵੇਚਣ ਲਈ ਗ੍ਰਾਹਕਾਂ ਦੀ ਉਡੀਕ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮਿਲੀ ਇਤਲਾਹ ’ਤੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਪਾਰਟੀ ਵਲੋਂ ਦੋਸ਼ੀ ਨੂੰ ਕਾਬੂ ਕਰਕੇ ਕੀਤੀ ਤਲਾਸ਼ੀ ਦੌਰਾਨ ਉਸ ਕੋਲੋਂ 8.35 ਗ੍ਰਾਮ ਹੈਰੋਇਨ ਬਰਾਮਦ ਹੋਈ। ਜਿਸ ਸਬੰਧੀ ਥਾਣਾ ਸਦਰ ਫ਼ਿਰੋਜ਼ਪੁਰ ਵਿਖੇ ਉਕਤ ਸਾਜਨ ਪੁੱਤਰ ਬੋਹੜਾਂ, ਵਾਸੀ ਪਿੰਡ ਖਾਈ ਫੇਮੇ ਕੀ ਥਾਣਾ ਸਦਰ ਫ਼ਿਰੋਜ਼ਪੁਰ ਖ਼ਿਲਾਫ਼ ਧਾਰਾ 21/61/85 ਐਨ.ਡੀ.ਪੀ.ਐੱਸ. ਐਕਟ (ਨਾਨ-ਕਮਰਸ਼ੀਅਲ) ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।