ਫ਼ਿਰੋਜ਼ਪੁਰ,10 ਜੁਲਾਈ (ਸੁਖਵਿੰਦਰ ਸਿੰਘ)-ਮੁੱਖ ਚੋਣ ਅਫ਼ਸਰ, ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵੋਟਰ ਸੂਚੀ ਦੀ ਵਿਸ਼ੇਸ਼ ਗਹਿਰੀ ਸੁਧਾਈ -2026 ਤਹਿਤ ਜ਼ਿਲ੍ਹਾ ਫਿਰੋਜ਼ਪੁਰ ਦੇ ਸਮੂਹ ਪੋਲਿੰਗ ਸਟੇਸ਼ਨਾਂ ’ਤੇ 11 ਅਤੇ 12 ਜੁਲਾਈ ਨੂੰ ਵਿਸ਼ੇਸ਼ ਕੈਂਪ ਲਗਾਏ ਜਾਣਗੇ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਦੀਪਸ਼ਿਖਾ ਸ਼ਰਮਾ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਵਿਸ਼ੇਸ਼ ਕੈਂਪ ਸਵੇਰੇ 8 ਵਜੇ ਤੋਂ ਦੁਪਹਿਰ 3 ਵਜੇ ਤੱਕ ਲਗਾਏ ਜਾਣਗੇ, ਜਿੱਥੇ ਸਮੂਹ ਬੂਥ ਲੈਵਲ ਅਫ਼ਸਰ ਹਾਜ਼ਰ ਰਹਿਣਗੇ। ਇਸ ਦੌਰਾਨ ਯੋਗ ਵੋਟਰ ਆਪਣੇ ਐਨਿਊਮਰੇਸ਼ਨ ਫਾਰਮ ਜਮ੍ਹਾਂ ਕਰਵਾ ਸਕਣਗੇ ਅਤੇ ਪਹਿਲਾਂ ਜਮ੍ਹਾਂ ਹੋਏ ਫਾਰਮਾਂ ਦੀ ਡਿਜੀਟਾਈਜ਼ੇਸ਼ਨ ਦਾ ਕੰਮ ਵੀ ਤੇਜ਼ੀ ਨਾਲ ਕੀਤਾ ਜਾਵੇਗਾ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜਿਨ੍ਹਾਂ ਬੀ.ਐੱਲ.ਓਜ਼ ਵਲੋਂ 100 ਫ਼ੀਸਦੀ ਡਿਜੀਟਾਈਜ਼ੇਸ਼ਨ ਕੀਤੀ ਜਾ ਚੁੱਕੀ ਹੈ, ਉਹ ਰਿਕਾਰਡ ਵਿੱਚ ਮੌਜੂਦ ਖ਼ਾਮੀਆਂ ਨੂੰ ਦੂਰ ਕਰਨ ’ਤੇ ਧਿਆਨ ਦੇਣਗੇ। ਜਿਨ੍ਹਾਂ ਬੂਥਾਂ ’ਤੇ ਫਾਰਮਾਂ ਦੀ ਡਿਜੀਟਾਈਜ਼ੇਸ਼ਨ ਬਾਕੀ ਹੈ, ਉੱਥੇ ਇਕੱਤਰ ਕੀਤੇ ਗਏ ਫਾਰਮਾਂ ਨੂੰ ਤੁਰੰਤ ਡਿਜੀਟਾਈਜ਼ ਕਰਨ ਦੇ ਨਾਲ-ਨਾਲ ਬਾਕੀ ਰਹਿੰਦੇ ਫਾਰਮ ਵੀ ਇਕੱਤਰ ਕੀਤੇ ਜਾਣਗੇ। ਘੱਟ ਪ੍ਰਗਤੀ ਵਾਲੇ ਬੂਥਾਂ ’ਤੇ ਫਾਰਮਾਂ ਦੀ ਇਕੱਤਰਤਾ ਅਤੇ ਡਿਜੀਟਾਈਜ਼ੇਸ਼ਨ ਦਾ ਕੰਮ ਇਕੋ ਸਮੇਂ ਚਲਾਇਆ ਜਾਵੇਗਾ। ਦੀਪਸ਼ਿਖਾ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਵਿਧਾਨ ਸਭਾ ਹਲਕਾ 75-ਜ਼ੀਰਾ ਵਿਚ ਐਸ.ਡੀ.ਐਮ ਜ਼ੀਰਾ, 76-ਫ਼ਿਰੋਜ਼ਪੁਰ (ਸ਼ਹਿਰੀ) ਵਿਚ ਐਸ.ਡੀ.ਐਮ ਫ਼ਿਰੋਜ਼ਪੁਰ, 77-ਫ਼ਿਰੋਜ਼ਪੁਰ (ਦਿਹਾਤੀ) ਵਿਚ ਏ.ਡੀ.ਸੀ (ਵਿਕਾਸ) ਫ਼ਿਰੋਜ਼ਪੁਰ ਅਤੇ 78-ਗੁਰੂਹਰਸਹਾਏ ਵਿਚ ਐਸ.ਡੀ.ਐਮ ਗੁਰੂ ਹਰਸਹਾਏ ਬਤੌਰ ਚੋਣਕਾਰ ਰਜਿਸਟ੍ਰਰੇਸ਼ਨ ਅਫ਼ਸਰ ਡਿਊਟੀ ਨਿਭਾ ਰਹੇ ਹਨ। ਜ਼ਿਲ੍ਹੇ ਵਿਚ ਕੁੱਲ 903 ਪੋਲਿੰਗ ਬੂਥ, 903 ਬੀ.ਐਲ.ਓਜ਼ ਅਤੇ 91 ਸੈਕਟਰ ਅਫ਼ਸਰ ਤਾਇਨਾਤ ਕੀਤੇ ਗਏ ਹਨ। ਦੀਪਸ਼ਿਖਾ ਸ਼ਰਮਾ ਨੇ ਦੱਸਿਆ ਕਿ ਵਿਸ਼ੇਸ਼ ਕੈਂਪਾਂ ਨੂੰ ਸਫਲ ਬਣਾਉਣ ਲਈ ਹੋਰ ਸਬੰਧਤ ਵਿਭਾਗਾਂ ਸਕੂਲਾਂ ਦੇ ਸਟਾਫ਼, ਮਾਲ ਵਿਭਾਗ ਦੇ ਪਟਵਾਰੀਆਂ, ਆਂਗਣਵਾੜੀ ਵਰਕਰਾਂ, ਸ਼ਹਿਰੀ ਖੇਤਰਾਂ ਵਿਚ ਨਗਰ ਕੌਂਸਲਾਂ ਦੇ ਕਰਮਚਾਰੀਆਂ ਅਤੇ ਏ.ਐੱਲ.ਐੱਮ.ਟੀਜ਼./ਡੀ.ਐੱਲ.ਐੱਮ.ਟੀਜ਼./ਬੀ.ਐੱਲ.ਓ. ਸੁਪਰਵਾਈਜ਼ਰਾਂ ਦੀ ਵੀ ਡਿਊਟੀ ਲਗਾਈ ਗਈ ਹੈ, ਤਾਂ ਜੋ ਵੱਧ ਤੋਂ ਵੱਧ ਫਾਰਮ ਇਕੱਤਰ ਕਰਨ ਅਤੇ ਡਿਜੀਟਾਈਜ਼ੇਸ਼ਨ ਦਾ ਕੰਮ ਸਮੇਂ ਸਿਰ ਮੁਕੰਮਲ ਕੀਤਾ ਜਾ ਸਕੇ।