ਫ਼ਿਰੋਜ਼ਪੁਰ, 11 ਜੁਲਾਈ (ਗੁਰਿੰਦਰ ਸਿੰਘ)-ਸਰਹੱਦੀ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਨੇੜੇ ਸਤਲੁਜ ਦਰਿਆ ਦੇ ਕੰਢੇ ਵਸੇ ਪਿੰਡ ਬਸਤੀ ਰਾਮ ਲਾਲ ’ਚ ਹੜ੍ਹਾਂ ਤੋਂ ਬਚਾਅ ਲਈ ਪਿਛਲੇ 32 ਸਾਲਾਂ ਤੋਂ ਇਕ ਵਿਲੱਖਣ ਰਿਵਾਇਤ ਨਿਭਾਈ ਜਾ ਰਹੀ ਹੈ। ਹਰ ਸਾਲ ਪਿੰਡ ਵਾਸੀ ਅਖੰਡ ਪਾਠ ਦੇ ਭੋਗ ਉਪਰੰਤ ਅਰਦਾਸ ਕਰਦੇ ਹਨ ਅਤੇ ਚਾਦਰ, ਸੋਨੇ ਦੀ ਨੱਥ, ਚੌਲਾਂ ਦੀ ਦੇਗ ਅਤੇ ਸ਼ਰਧਾ ਅਨੁਸਾਰ ਨਕਦੀ ਸਤਲੁਜ ਦਰਿਆ ਨੂੰ ਭੇਟ ਕਰਦੇ ਹਨ। ਬੇਸ਼ੱਕ ਇਸ ਵਾਰ ਸੋਨੇ ਦੀ ਨੱਥ ਨਹੀਂ ਰੱਖੀ ਗਈ ਪਰ ਪਿੰਡ ਵਾਸੀਆਂ ਦਾ ਵਿਸ਼ਵਾਸ ਹੈ ਕਿ ਇਸ ਪਰੰਪਰਾ ਦੀ ਸ਼ੁਰੂਆਤ ਤੋਂ ਬਾਅਦ ਉਨ੍ਹਾਂ ਦਾ ਪਿੰਡ ਹੜ੍ਹਾਂ ਦੀ ਵੱਡੀ ਮਾਰ ਤੋਂ ਬਚਿਆ ਆ ਰਿਹਾ ਹੈ। ਪਿੰਡ ਦੇ ਬਜ਼ੁਰਗ ਦੱਸਦੇ ਹਨ ਕਿ 1988 ਅਤੇ 1992 ਵਿਚ ਆਏ ਭਿਆਨਕ ਹੜ੍ਹਾਂ ਨੇ ਸਤਲੁਜ ਨਾਲ ਲੱਗਦੇ ਇਲਾਕਿਆਂ ਸਮੇਤ ਇਸ ਪਿੰਡ ਵਿਚ ਵੀ ਭਾਰੀ ਤਬਾਹੀ ਮਚਾਈ ਸੀ। ਫ਼ਸਲਾਂ ਤਬਾਹ ਹੋ ਗਈਆਂ, ਮਾਲ-ਡੰਗਰ ਦਾ ਨੁਕਸਾਨ ਹੋਇਆ ਅਤੇ ਕਈ ਪਰਿਵਾਰਾਂ ਨੂੰ ਆਪਣੇ ਘਰ ਛੱਡਣ ਲਈ ਮਜਬੂਰ ਹੋਣਾ ਪਿਆ। ਇਨ੍ਹਾਂ ਦੁਖਦਾਈ ਤਜਰਬਿਆਂ ਤੋਂ ਬਾਅਦ 1994 ਵਿਚ ਪਿੰਡ ਵਾਸੀਆਂ ਨੇ ਸਮੂਹਕ ਤੌਰ ’ਤੇ ਅਖੰਡ ਪਾਠ ਦੇ ਭੋਗ ਪਾ ਕੇ ਅਰਦਾਸ ਕੀਤੀ ਕਿ ਦਰਿਆ ਆਪਣੇ ਕੁਦਰਤੀ ਰਾਹ ਵਹੇ ਅਤੇ ਕਿਸੇ ਦਾ ਨੁਕਸਾਨ ਨਾ ਕਰੇ, ਉਦੋਂ ਤੋਂ ਇਹ ਰਿਵਾਇਤ ਲਗਾਤਾਰ ਨਿਭਾਈ ਜਾ ਰਹੀ ਹੈ। ਗੁਰਦੁਆਰਾ ਸਾਹਿਬ ਵਿਖੇ ਅਖੰਡ ਪਾਠ ਦੇ ਭੋਗ ਉਪਰੰਤ ਨਗਾਰਿਆਂ ਅਤੇ ਢੋਲ ਦੀ ਗੂੰਜ ਵਿਚ ਸ਼ਰਧਾਲੂ ਦਰਿਆ ਕੰਢੇ ਪਹੁੰਚਦੇ ਹਨ ਅਤੇ ਸਮੂਹਿਕ ਰੂਪ ਵਿਚ ਅਰਦਾਸ ਕਰਨ ਤੋਂ ਬਾਅਦ ਚਾਦਰ, ਸੋਨੇ ਦੀ ਨੱਥ, ਚੌਲਾਂ ਦੀ ਦੇਗ ਅਤੇ ਨਕਦੀ ਜਲ ਪ੍ਰਵਾਹ ਕਰਦੇ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਰਿਵਾਇਤ ਉਨ੍ਹਾਂ ਲਈ ਸਿਰਫ਼ ਧਾਰਮਿਕ ਰਸਮ ਨਹੀਂ, ਸਗੋਂ ਕੁਦਰਤ ਪ੍ਰਤੀ ਸਤਿਕਾਰ, ਸਮੂਹਕ ਏਕਤਾ ਅਤੇ ਹੜ੍ਹਾਂ ਤੋਂ ਸੁਰੱਖਿਆ ਲਈ ਅਟੁੱਟ ਆਸਥਾ ਦਾ ਪ੍ਰਤੀਕ ਬਣ ਚੁੱਕੀ ਹੈ। ਇਸੇ ਵਿਸ਼ਵਾਸ ਨਾਲ ਹਰ ਸਾਲ ਪੂਰਾ ਪਿੰਡ ਇਸ ਪਰੰਪਰਾ ਨੂੰ ਸ਼ਰਧਾ ਅਤੇ ਉਤਸ਼ਾਹ ਨਾਲ ਨਿਭਾਉਂਦਾ ਆ ਰਿਹਾ ਹੈ।