ਫ਼ਿਰੋਜ਼ਪੁਰ,10 ਜੁਲਾਈ (ਕੁਲਬੀਰ ਸਿੰਘ ਸੋਢੀ)-ਸਿਵਲ ਸਰਜਨ ਫ਼ਿਰੋਜ਼ਪੁਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਜ਼ਿਲ੍ਹਾ ਐਪੀਡਮੋਲਜਿਸਟ ਦੇ ਹੁਕਮਾਂ ਅਨੁਸਾਰ ਸਹਾਇਕ ਮਲੇਰੀਆ ਅਧਿਕਾਰੀ ਹਰਜੀਤ ਸਿੰਘ ਦੀ ਅਗਵਾਈ ਵਿਚ ਸਿਹਤ ਵਿਭਾਗ ਦੀ ਟੀਮ ਵਲੋਂ ਬੱਸ ਸਟੈਂਡ ਸ਼ਹਿਰ ਅਤੇ ਵਰਕਸ਼ਾਪ ਦੇ ਨਾਲ ਖਾਲੀ ਪਏ ਪਲਾਟ ਵਿਚ ਡਰਾਈ ਡੇ ਮਨਾਇਆ ਗਿਆ। ਇਸ ਦੌਰਾਨ ਸਿਹਤ ਵਿਭਾਗ ਦੀ ਟੀਮ ਦੇ ਮੈਂਬਰ ਨਰਿੰਦਰ ਸ਼ਰਮਾ ’ਤੇ ਗੁਰਦੇਵ ਸਿੰਘ ਮਲਟੀਪਰਪਜ਼ ਹੈਲਥ ਵਰਕਰ ਵਲੋਂ ਡੇਂਗੂ ਲਾਰਵੇ ਦੀ ਭਾਲ ਕੀਤੀ ਗਈ। ਜਿਸ ਦੌਰਾਨ ਭਾਰੀ ਮਾਤਰਾ ਵਿਚ ਡੇਂਗੂ ਦਾ ਲਾਰਵਾ ’ਤੇ ਮੱਛਰ ਬੱਸ ਸਟੈਂਡ ਵਰਕਸ਼ਾਪ ਵਿਚੋਂ ਮਿਲਿਆ, ਜਿਸ ਦੀ ਜਾਣਕਾਰੀ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ ਹੈ। ਸਿਹਤ ਵਿਭਾਗ ਦੀ ਟੀਮ ਨੇ ਦੱਸਿਆ ਕਿ ਜੇਕਰ ਕਿਸੇ ਨੂੰ ਵੀ ਡੇਂਗੂ ਬੁਖ਼ਾਰ ਹੁੰਦਾ ਹੈ ਤਾਂ ਉਸ ਦੇ ਤੇਜ਼ ਸਿਰ ਦਰਦ ਅਤੇ ਬਹੁਤ ਜ਼ਿਆਦਾ ਤੇਜ਼ ਬੁਖ਼ਾਰ, ਅੱਖਾਂ ਦੇ ਪਿਛਲੇ ਹਿੱਸੇ ਵਿਚ ਦਰਦ ’ਤੇ ਕਈ ਵਾਰ ਸਰੀਰ ’ਤੇ ਲਾਲ ਰੰਗ ਦੇ ਨਿੱਕੇ-ਨਿੱਕੇ ਦਾਣੇ ਵੀ ਹੋ ਜਾਂਦੇ ਹਨ ਅਤੇ ਕਈ ਵਾਰ ਮਰੀਜ਼ ਦੇ ਮਸੂੜ੍ਹਿਆਂ ਰਾਹੀਂ ਖ਼ੂਨ ਆਉਣਾ ਵੀ ਸ਼ੁਰੂ ਹੋ ਜਾਂਦਾ ਹੈ। ਜੇਕਰ ਕਿਸੇ ਨੂੰ ਵੀ ਡੇਂਗੂ ਬੁਖ਼ਾਰ ਜਾਂ ਇਸ ਤਰ੍ਹਾਂ ਦੇ ਕੋਈ ਲੱਛਣ ਦਿਖਾਈ ਦੇਣ ਤਾਂ ਉਸ ਦਾ ਟੈੱਸਟ ਸਿਵਲ ਹਸਪਤਾਲ ਵਿਚ ਕਰਵਾਓ, ਜੋ ਸਿਵਲ ਹਸਪਤਾਲ ਵਿਚ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ।