ਫ਼ਿਰੋਜ਼ਪੁਰ, 10 ਜੁਲਾਈ (ਕੁਲਬੀਰ ਸਿੰਘ ਸੋਢੀ)-ਪੰਜਾਬ ਸਰਕਾਰ ਵਲੋਂ ਸੂਬੇ ਦੇ ਖੇਤੀ ਖੇਤਰ ’ਚ ਵਿਭਿੰਨਤਾ ਲਿਆਉਣ ਦੇ ਮਕਸਦ ਨਾਲ ਅਨੁਸੂਚਿਤ ਜਾਤੀ ਦੇ ਲਾਭਪਾਤਰੀਆਂ ਨੂੰ ਖੇਤੀਬਾੜੀ ਦੇ ਨਾਲ-ਨਾਲ ਸਹਾਇਕ ਧੰਦਿਆਂ ਵੱਲ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਲਈ ਸਕੀਮ ਫ਼ਾਰ ਪ੍ਰਮੋਸ਼ਨ ਆਫ਼ ਡੇਅਰੀ ਫਾਰਮਿੰਗ ਐਜ਼ ਲਿਵਲੀਹੁਡ ਫ਼ਾਰ ਐੱਸ.ਸੀ ਬੈਨੀਫਿਸ਼ਰੀਜ਼ ਦੀ ਸ਼ੁਰੂਆਤ ਪੂਰੇ ਪੰਜਾਬ ਵਿਚ ਕੀਤੀ ਗਈ ਹੈ। ਜਿਸ ਤਹਿਤ ਡੇਅਰੀ ਵਿਕਾਸ ਵਿਭਾਗ ਵਲੋਂ ਜ਼ਿਲ੍ਹਾ ਫ਼ਿਰੋਜ਼ਪੁਰ ਵਿਖੇ ਐਸੀ.ਸੀ. ਸਿੱਖਿਆਰਥੀਆਂ ਨੂੰ ਦੋ ਹਫ਼ਤੇ ਦੀ ਮੁਫ਼ਤ ਡੇਅਰੀ ਸਿਖਲਾਈ 3 ਅਗਸਤ 2026 ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਜਿਸ ਦੇ ਨਾਲ ਉਨ੍ਹਾਂ ਨੂੰ 3500/- ਰੁਪਏ ਵਜ਼ੀਫ਼ਾ ਵੀ ਦਿੱਤਾ ਜਾਵੇਗਾ। ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਡੇਅਰੀ ਰਣਦੀਪ ਕੁਮਾਰ ਹਾਂਡਾ ਨੇ ਦੱਸਿਆ ਹੈ ਕਿ ਅਨੁਸੂਚਿਤ ਜਾਤੀ ਨਾਲ ਸਬੰਧਿਤ ਲਾਭਪਾਤਰੀ ਦਫ਼ਤਰ ਡਿਪਟੀ ਡਾਇਰੈਕਟਰ ਡੇਅਰੀ, ਫ਼ਿਰੋਜ਼ਪੁਰ ਵਿਖੇ 27 ਜੁਲਾਈ 2026 ਤੋਂ ਪਹਿਲਾਂ ਆਪਣੇ ਫਾਰਮ ਜਮ੍ਹਾ ਕਰਵਾ ਸਕਦੇ ਹਨ। ਉਨ੍ਹਾਂ ਨੇ ਦੱਸਿਆ ਕਿ ਡੇਅਰੀ ਦਾ ਕਿੱਤਾ ਕਰਨ ਦੇ ਚਾਹਵਾਨ ਅਨੁਸੂਚਿਤ ਜਾਤੀ ਨਾਲ ਸਬੰਧਿਤ ਉਮੀਦਵਾਰ 18 ਤੋਂ 55 ਸਾਲ ਤੱਕ ਦੀ ਉਮਰ ਦੇ ਪੰਜਾਬ ਦੇ ਵਸਨੀਕ ਪੇਂਡੂ ਪਿਛੋਕੜ ਵਾਲੇ ਅਤੇ ਘਟੋਂ ਘੱਟ ਪੰਜਵੀਂ ਪਾਸ ਹੋਣੇ ਚਾਹੀਦੇ ਹਨ ਅਤੇ ਉਨ੍ਹਾਂ ਕੋਲ ਘਟੋਂ ਘੱਟ 2 ਦੁਧਾਰੂ ਪਸ਼ੂ ਰੱਖਣ ਦਾ ਯੋਗ ਪ੍ਰਬੰਧ ਹੋਣਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਟਰੇਨਿੰਗ ਕਰਨ ਉਪਰੰਤ ਲਾਭਪਾਤਰੀ ਡੇਅਰੀ ਯੂਨਿਟ ਸਥਾਪਿਤ ਕਰਨ ਲਈ ਕਰਜ਼ੇ ਦੀ ਸਹੂਲਤ ਪ੍ਰਾਪਤ ਕਰ ਸਕਦੇ ਹਨ ਅਤੇ ਕਰਜ਼ੇ ਤੇ 33 ਫ਼ੀਸਦੀ ਸਬਸਿਡੀ ਦਾ ਲਾਭ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਚਾਹਵਾਨ ਉਮੀਦਵਾਰ ਉਪਰੋਕਤ ਮਿਤੀ ਤੋਂ ਪਹਿਲਾਂ ਪੜ੍ਹਾਈ ਸਰਟੀਫਿਕੇਟ, ਜਾਤੀ ਸਰਟੀਫਿਕੇਟ, ਆਧਾਰ ਕਾਰਡ, ਤਾਜਾਂ ਪਾਸਪੋਰਟ ਸਾਈਜ਼ ਫ਼ੋਟੋ ਅਤੇ ਵੈਲਿਡ ਬੈਂਕ ਖਾਤੇ ਦੀ ਕਾਪੀ ਸਮੇਤ ਦਫ਼ਤਰ ਡਿਪਟੀ ਡਾਇਰੈਕਟਰ ਡੇਅਰੀ ਡੀ.ਸੀ. ਕੰਪਲੈਕਸ. ਕਮਰਾ ਨੰਬਰ 3-4 ਫ਼ਿਰੋਜ਼ਪੁਰ ਵਿਖੇ ਕਾਗ਼ਜ਼ਾਤ ਜਮ੍ਹਾ ਕਰਵਾ ਸਕਦੇ ਹਨ।