ਸਮਾਜ ਸੇਵਕ ਗੁਰਪ੍ਰੀਤ ਸੇਖੋਂ ਅਤੇ ਕਿਸਾਨ ਸੰਘਰਸ਼ ਕਮੇਟੀ ਨੇ ਕਿਸਾਨਾਂ ਦੀ ਆਰਥਿਕ ਸਹਾਇਤਾ ਕੀਤੀ
ਅਜੀਤ ਡੈਸਕ
11-07-2026
ਜ਼ੀਰਾ,10 ਜੁਲਾਈ (ਰਜਨੀਸ਼ ਕਥੂਰੀਆ)-ਪਿੰਡ ਬੁੱਟਰ ਰੋਸ਼ਨ ਸ਼ਾਹ ਵਾਲਾ ਵਿਖੇ ਪਿਛਲੇ ਦਿਨੀਂ ਨਹਿਰ ਟੁੱਟ ਜਾਣ ਕਰਕੇ ਪਿੰਡ ਬੁੱਟਰ ਰੋਸ਼ਨ ਸ਼ਾਹ, ਨੂਰਪੁਰ ਅਤੇ ਬਹਾਵਲਪੁਰ ਪਿੰਡਾਂ ਦੇ 10 ਦੇ ਕਰੀਬ ਕਿਸਾਨਾਂ ਦੇ ਲਗਭਗ 33 ਏਕੜ ਝੋਨੇ ਦਾ ਕਾਫੀ ਨੁਕਸਾਨ ਹੋ ਗਿਆ ਸੀ। ਇਸ ਹੋਏ ਨੁਕਸਾਨ ਸੰਬੰਧੀ ਜਾਣਕਾਰੀ ਮਿਲਣ ’ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ ਸਮਾਜ ਸੇਵਕ ਗੁਰਪ੍ਰੀਤ ਸਿੰਘ ਸੇਖੋਂ ਮੁਦਕੀ ਦੀ ਟੀਮ ਨੇ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਅਤੇ ਪੀੜਤ ਕਿਸਾਨਾਂ ਨੂੰ ਮਿਲ ਕੇ ਹੋਏ ਨੁਕਸਾਨ ਸੰਬੰਧੀ ਜਾਣਕਾਰੀ ਪ੍ਰਾਪਤ ਕੀਤੀ। ਇਸ ਤੋਂ ਬਾਅਦ ਸਮਾਜ ਸੇਵਕ ਗੁਰਪ੍ਰੀਤ ਸਿੰਘ ਸੇਖੋਂ ਮੁੱਦਕੀ ਅਤੇ ਕਿਸਾਨ ਸੰਘਰਸ਼ ਕਮੇਟੀ ਨੇ ਪਿੰਡ ਟਿੰਡਵਾਂ ਵਿਖੇ ਇਕ ਇਕੱਤਰਤਾ ਕੀਤੀ। ਇਸ ਇਕੱਤਰਤਾ ਦੌਰਾਨ ਕਿਸਾਨ ਸੰਘਰਸ਼ ਕਮੇਟੀ ਦੇ ਅਹੁਦੇਦਾਰਾਂ ਅਤੇ ਸਮਾਜ ਸੇਵਕ ਗੁਰਪ੍ਰੀਤ ਸਿੰਘ ਸੇਖੋਂ ਨੇ ਕਿਸਾਨਾਂ ਦਾ ਦਰਦ ਸਮਝਦਿਆ ਪੀੜਤ ਕਿਸਾਨਾਂ ਦੀ ਬਾਂਹ ਫੜਦਿਆਂ 5000 ਹਜ਼ਾਰ ਰੁਪਏ ਪ੍ਰਤੀ ਏਕੜ ਆਰਥਿਕ ਸਹਾਇਤਾ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਗੁਰਪ੍ਰੀਤ ਸਿੰਘ ਸੇਖੋਂ ਨੇ ਕਿਹਾ ਕਿ ਇਹ ਰਾਸ਼ੀ ਦੇਣ ਨਾਲ ਕਿਸਾਨਾਂ ਦੇ ਹੋਏ ਨੁਕਸਾਨ ਦੀ ਪੂਰੀ ਭਰਪਈ ਤਾਂ ਨਹੀਂ ਕੀਤੀ ਜਾ ਸਕਦੀ, ਪਰ ਅਜਿਹਾ ਕਰਕੇ ਕਿਸਾਨ ਸੰਘਰਸ਼ ਕਮੇਟੀ ਅਤੇ ਉਨਾਂ ਨੇ ਕਿਸਾਨਾਂ ਦਾ ਦਰਦ ਵੰਡਾਉਣ ਦੀ ਆਪਣੇ ਵਲੋਂ ਇਕ ਕੋਸ਼ਿਸ਼ ਕੀਤੀ ਹੈ। ਇਸ ਮੌਕੇ ਗੁਰਪ੍ਰੀਤ ਸਿੰਘ ਸੇਖੋਂ ਨੇ ਪਿੰਡ ਵਾਸੀਆਂ ਨੂੰ ਆਪਸੀ ਭਾਈਚਾਰਕ ਸਾਂਝ ਬਣਾ ਕੇ ਰੱਖਣ ਅਤੇ ਮੁਸ਼ਕਲ ਸਮੇਂ ਵਿਚ ਇਕ ਦੂਜੇ ਦਾ ਸਹਾਰਾ ਬਨਣ ਲਈ ਪ੍ਰੇਰਿਤ ਵੀ ਕੀਤਾ। ਇਸ ਦੌਰਾਨ ਪਿੰਡ ਦੇ ਇਕ ਕਿਸਾਨ ਦੇ ਖੇਤ ਵਿਚ ਮਿਟੀ ਚੜਣ ਕਰਕੇ ਫਸਲ ਦੇ ਹੋਏ ਨੁਕਸਾਨ ਅਤੇ ਕੁਝ ਸਮੇਂ ਤੋਂ ਖੇਤ ਦੇ ਮਾਲਕ ਕਿਸਾਨ ਦੇ ਬਿਮਾਰ ਹੋਣ ਕਰਕੇ ਉਸ ਦੀ ਵੀ ਗੁਰਪ੍ਰੀਤ ਸਿੰਘ ਸੇਖੋਂ ਨੇ 20 ਹਜ਼ਾਰ ਰੁਪਏ ਨਕਦ ਰਾਸ਼ੀ ਦੇ ਕੇ ਸਹਾਇਤਾ ਕੀਤੀ। ਇਸ ਮੌਕੇ ਨੰਬਰਦਾਰ ਜਸਵਿੰਦਰ ਸਿੰਘ ਟਿੰਡਵਾਂ, ਸਲਿੰਦਰ ਸਿੰਘ ਸਰਪੰਚ, ਨਛੱਤਰ ਸਿੰਘ,ਅਵਤਾਰ ਸਿੰਘ,ਬਾਬਾ ਦਰਸ਼ਨ ਸਿੰਘ, ਸੁਖਰਾਜ ਸਿੰਘ ਲੇਖਾ, ਲਵਪ੍ਰੀਤ ਸਿੰਘ,ਗਗਨ, ਸੁਖਦੇਵ ਸਿੰਘ, ਗੁਰਮੀਤ ਸਿੰਘ ਬੱਗਾ, ਮੋਤਾ ਸਿੰਘ ਸਰਪੰਚ ਬੁੱਟਰ, ਦਲਜੀਤ ਸਿੰਘ,ਸਤਿਨਾਮ ਸਿੰਘ, ਨਿਰਮਲ ਸਿੰਘ ਨੂਰਪੁਰ, ਸੁਖਦੇਵ ਸਿੰਘ,ਜ਼ੋਨ ਪ੍ਰਧਾਨ ਰਾਣਾ ਸਿੰਘ, ਕਸ਼ਮੀਰ ਸਿੰਘ, ਮਹਿਲ ਸਿੰਘ, ਸੁਖਵੰਤ ਸਿੰਘ ਬਹਾਵਲਪੁਰ ਆਦਿ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।