ਗੁਰੂਹਰਸਹਾਏ, 25 ਜੁਲਾਈ (ਕਪਿਲ ਕੰਧਾਰੀ)-ਸ਼੍ਰੀ ਸਾਲਾਸਰ ਧਾਮ ਅਤੇ ਸ਼੍ਰੀ ਖਾਟੂ ਸ਼ਿਆਮ ਦੇ ਪਵਿੱਤਰ ਦਰਸ਼ਨਾਂ ਲਈ ਸ਼੍ਰੀ ਰਾਧਾ ਕ੍ਰਿਸ਼ਨ ਮੰਦਿਰ ਦੇ ਪੰਡਿਤ ਬਿੰਦੂ ਭਾਰਦਵਾਜ ਵਲੋਂ ਸ਼ਰਧਾਲੂਆਂ ਨਾਲ ਭਰੀ ਇਕ ਬੱਸ ਸ਼ਰਧਾ ਅਤੇ ਉਤਸ਼ਾਹ ਦੇ ਮਾਹੌਲ ਵਿਚ ਰਵਾਨਾ ਕੀਤੀ ਗਈ। ਇਸ ਮੌਕੇ ਮੰਦਿਰ ਪ੍ਰੰਗਣ ਵਿਚ ਭਜਨ-ਕੀਰਤਨ ਅਤੇ “ਜੈ ਸ਼੍ਰੀ ਸ਼ਿਆਮ”ਦੇ ਜੈਕਾਰਿਆਂ ਨਾਲ ਵਾਤਾਵਰਨ ਭਗਤੀਮਈ ਬਣ ਗਿਆ। ਬੱਸ ਨੂੰ ਰਵਾਨਾ ਕਰਨ ਤੋਂ ਪਹਿਲਾਂ ਰਾਤ ਕਰੀਬ 8 ਵਜੇ ਮੰਦਿਰ ਵਿਖੇ ਵਿਧੀਵਤ ਪੂਜਾ-ਅਰਚਨਾ ਕੀਤੀ ਗਈ ਅਤੇ ਸ਼ਰਧਾਲੂਆਂ ਨੇ ਭਗਵਾਨ ਦੇ ਚਰਨਾਂ ਵਿਚ ਅਰਦਾਸ ਕਰਕੇ ਸੁਖਮਈ ਯਾਤਰਾ ਦੀ ਕਾਮਨਾ ਕੀਤੀ। ਪੰਡਿਤ ਬਿੰਦੂ ਭਾਰਦਵਾਜ ਨੇ ਸ਼ਰਧਾਲੂਆਂ ਨੂੰ ਤਿਲਕ ਕਰਕੇ ਆਸ਼ੀਰਵਾਦ ਦਿੱਤਾ ਅਤੇ ਯਾਤਰਾ ਦੀ ਸਫਲਤਾ ਲਈ ਸ਼ੁੱਭਕਾਮਨਾਵਾਂ ਪ੍ਰਗਟ ਕੀਤੀਆਂ। ਇਸ ਮੌਕੇ ਪੰਡਿਤ ਬਿੰਦੂ ਭਾਰਦਵਾਜ ਨੇ ਦੱਸਿਆ ਕਿ ਯਾਤਰਾ ਦੌਰਾਨ ਸ਼ਰਧਾਲੂ ਸਭ ਤੋਂ ਪਹਿਲਾਂ ਸ਼੍ਰੀ ਸਾਲਾਸਰ ਧਾਮ ਦੇ ਦਰਸ਼ਨ ਕਰਨਗੇ, ਜਿੱਥੇ ਉਹ ਬਾਲਾਜੀ ਮਹਾਰਾਜ ਦੇ ਚਰਨਾਂ ਵਿਚ ਹਾਜ਼ਰੀ ਲਗਾ ਕੇ ਅਰਦਾਸ ਕਰਨਗੇ। ਇਸ ਤੋਂ ਬਾਅਦ ਸ਼ਰਧਾਲੂ ਸ਼੍ਰੀ ਖਾਟੂ ਸ਼ਿਆਮ ਦੇ ਦਰਸ਼ਨਾਂ ਲਈ ਰਵਾਨਾ ਹੋਣਗੇ ਅਤੇ ਉੱਥੇ ਵੀ ਵਿਧੀਵਤ ਪੂਜਾ-ਅਰਚਨਾ ਕਰਕੇ ਆਸ਼ੀਰਵਾਦ ਪ੍ਰਾਪਤ ਕਰਨਗੇ। ਉਨ੍ਹਾਂ ਅੱਗੇ ਦੱਸਿਆ ਕਿ ਇਹ ਧਾਰਮਿਕ ਯਾਤਰਾ ਸ਼ਰਧਾਲੂਆਂ ਲਈ ਆਤਮਿਕ ਸ਼ਾਂਤੀ ਅਤੇ ਭਗਤੀ ਦਾ ਵਿਸ਼ੇਸ਼ ਅਨੁਭਵ ਲੈ ਕੇ ਆਵੇਗੀ। ਦਰਸ਼ਨ ਅਤੇ ਪੂਰੀ ਯਾਤਰਾ ਪੂਰੀ ਕਰਨ ਉਪਰੰਤ ਸ਼ਰਧਾਲੂ ਐਤਵਾਰ ਨੂੰ ਵਾਪਸ ਗੁਰੂਹਰਸਹਾਏ ਪਰਤਣਗੇ।