ਬਠਿੰਡਾ, 9 ਮਾਰਚ (ਸੱਤਪਾਲ ਸਿੰਘ ਸਿਵੀਆਂ)- ਬਠਿੰਡਾ ਦੇ ਐਕਸਾਈਜ਼ ਵਿਭਾਗ ਅਤੇ ਥਾਣਾ ਸਦਰ ਦੀ ਪੁਲਿਸ ਨੇ ਸਾਂਝੀ ਕਾਰਵਾਈ ਤਹਿਤ ਸਥਾਨਕ ਬੀੜ ਤਲਾਬ ਦੀ ਇਕ ਬਸਤੀ ਦੇ ਖੇਤਾਂ 'ਚ ਇਕ ਬੰਦ ਪਏ ਫਾਰਮ 'ਚ ਚਲਦੇ ਦੇਸੀ ਸ਼ਰਾਬ (ਹੱਥ ਕੱਢੀ) ਬਣਾਉਣ ਦੇ ਧੰਦੇ ਦਾ ਪਰਦਾਫਾਸ਼ ਕੀਤਾ ਹੈ | ਪੁਲਿਸ ਨੇ ਇੱਥੋਂ ਕਈ ਲੀਟਰ ਦੇਸੀ ਸ਼ਰਾਬ ਅਤੇ ਸ਼ਰਾਬ ਤਿਆਰ ਕਰਨ ਵਾਲਾ ਸਾਮਾਨ ਬਰਾਮਦ ਕੀਤਾ ਹੈ, ਜਦਕਿ ਇਸ ਧੰਦੇ ਨੂੰ ਚਲਾਉਣ ਵਾਲਾ ਬੰਦਾ ਮੌਕੇ ਤੋਂ ਫ਼ਰਾਰ ਹੋ ਗਿਆ | ਇਸ ਸਬੰਧੀ ਐਕਸਾਈਜ਼ ਵਿਭਾਗ ਬਠਿੰਡਾ ਦੇ ਇੰਸਪੈਕਟਰ ਭੁਪਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਬੀੜ ਤਲਾਬ ਦੀ ਬਸਤੀ ਨੰਬਰ 3 ਦੇ ਖੇਤਾਂ 'ਚ ਇਕ ਸੂਰ ਫਾਰਮ ਬਣਿਆ ਹੋਇਆ ਹੈ, ਜੋ ਬੰਦ ਹੈ ਪਰ ਇਸ ਦੀ ਆੜ ਵਿਚ ਕੁਝ ਬੰਦਿਆਂ ਵਲੋਂ ਇੱਥੇ ਨਜਾਇਜ਼ ਤੌਰ 'ਤੇ ਦੇਸੀ ਸ਼ਰਾਬ ਤਿਆਰ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਸੂਚਨਾ ਦੇ ਆਧਾਰ 'ਤੇ ਥਾਣਾ ਸਦਰ ਬਠਿੰਡਾ ਦੀ ਪੁਲਿਸ ਪਾਰਟੀ ਨਾਲ ਉਕਤ ਫਾਰਮ 'ਤੇ ਛਾਪੇਮਾਰੀ ਕੀਤੀ ਗਈ ਤਾਂ ਇੱਥੋਂ ਮੌਕੇ 'ਤੇ 100 ਲੀਟਰ ਦੇਸੀ ਸ਼ਰਾਬ ਅਤੇ ਸ਼ਰਾਬ ਬਣਾਉਣ ਲਈ ਵਰਤੇ ਜਾਂਦੇ ਡਰੰਮ ਅਤੇ ਹੋਰ ਸਾਮਾਨ ਬਰਾਮਦ ਕੀਤਾ ਹੈ | ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਸੰਬੰਧਿਤ ਬੰਦਿਆਂ ਨੇ ਸ਼ਰਾਬ ਤਿਆਰ ਕਰਨ ਦੀ ਬਕਾਇਦਾ ਸਿਸਟਮ ਲਗਾਇਆ ਹੋਇਆ ਸੀ, ਜਿਸ ਦੇ ਸਾਮਾਨ ਨੂੰ ਕਬਜ਼ੇ 'ਚ ਲੈ ਲਿਆ ਹੈ | ਇਸ ਮੌਕੇ ਥਾਣਾ ਸਦਰ ਦੇ ਏ.ਐਸ.ਆਈ. ਗੁਰਮੇਲ ਸਿੰਘ ਨੇ ਦੱਸਿਆ ਕਿ ਬੇਸ਼ੱਕ ਇਸ ਧੰਦੇ ਨਾਲ ਜੁੜਿਆ ਇਕ ਬੰਦਾ ਮੌਕੇ 'ਤੇ ਭੱਜਣ 'ਚ ਸਫਲ ਹੋ ਗਿਆ ਹੈ ਪਰ ਉਸ ਦੀ ਸ਼ਨਾਖ਼ਤ ਕਰਕੇ ਉਸ ਦੇ ਖਿਲਾਫ ਥਾਣਾ ਸਦਰ 'ਚ ਮੁਕੱਦਮਾ ਦਰਜ ਕੀਤਾ ਜਾ ਰਿਹਾ ਹੈ ਤੇ ਇਸ ਧੰਦੇ ਨਾਲ ਜੁੜੇ ਕਿਸੇ ਵੀ ਬੰਦੇ ਨੂੰ ਬਖ਼ਸ਼ਿਆ ਨਹੀਂ ਜਾਵੇਗਾ |