ਬੁਢਲਾਡਾ, 9 ਮਾਰਚ (ਸਵਰਨ ਸਿੰਘ ਰਾਹੀ)- ਬੁਢਲਾਡਾ ਅਤੇ ਬਰੇਟਾ ਸ਼ਹਿਰਾਂ ਵਿਖੇ ਜਲਦ ਹੀ ਬਿਜਲੀ ਬੋਰਡ ਦੇ ਨਵੇਂ ਦਫ਼ਤਰ ਉਸਾਰੇ ਜਾਣਗੇ | ਇਸ ਸਬੰਧੀ ਅੱਜ ਵਿਧਾਇਕ ਬੁੱਧ ਰਾਮ ਵਲੋਂ ਪੰਜਾਬ ਵਿਧਾਨ ਸਭਾ ਵਿਚ ਉਠਾਏ ਗਏ ਇਕ ਸਵਾਲ ਦੇ ਜਵਾਬ 'ਚ ਸਥਾਨਕ ਸਰਕਾਰਾਂ ਬਾਰੇ ਮੰਤਰੀ ਸੰਜੀਵ ਅਰੋੜਾ ਨੇ ਦੱਸਿਆ ਕਿ ਬੁਢਲਾਡਾ ਵਿਖੇ ਬਿਜਲੀ ਬੋਰਡ ਦਾ ਦਫ਼ਤਰ ਬਣਾਉਣ ਲਈ ਟੈਂਡਰ ਲੱਗ ਚੁੱਕਾ ਹੈ, ਜਿੱਥੇ 1 ਸਾਲ ਦੇ ਅੰਦਰ ਇਮਾਰਤ ਬਣ ਕੇ ਤਿਆਰ ਹੋ ਜਾਵੇਗੀ, ਜਦਕਿ ਬਰੇਟਾ ਸ਼ਹਿਰ ਵਿਚ ਬਿਜਲੀ ਬੋਰਡ ਦਾ ਨਵਾਂ ਦਫ਼ਤਰ ਬਣਾਉਣ ਬਾਰੇ ਤਖਮੀਨਾ ਬਣ ਗਿਆ ਹੈ, ਦਾ ਵੀ ਜਲਦੀ ਹੀ ਟੈਂਡਰ ਲਗਾ ਦਿੱਤਾ ਜਾਵੇਗਾ | ਵਿਧਾਇਕ ਵਲੋਂ ਲੋਕ ਨਿਰਮਾਣ ਮੰਤਰੀ ਪਾਸੋਂ ਸ਼ੇਖੂਪੁਰ ਖੁਡਾਲ ਕੋਲ ਕੌਮੀ ਮਾਰਗ 'ਤੇ ਬਣੇ ਪੁਲ 'ਤੇ ਇਕ ਪਾਸੇ ਬਣੇ ਡਿਵਾਈਡਰ ਨਾਲ ਵਾਪਰਦੇ ਸੜਕੀ ਹਾਦਸਿਆਂ 'ਚ ਅਨੇਕਾਂ ਵਿਅਕਤੀਆਂ ਦੇ ਜ਼ਖਮੀ ਹੋਣ ਦੇ ਉਠਾਏ ਗਏ ਮੁੱਦੇ 'ਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਇਹ ਡਿਵਾਈਡਰ ਅੱਧਾ ਖ਼ਤਮ ਕਰ ਦਿੱਤਾ ਹੈ ਬਾਕੀ ਦਾ ਖ਼ਤਮ ਕਰਨ ਬਾਰੇ ਕੌਮੀ ਮਾਰਗ ਅਥਾਰਿਟੀ ਨਾਲ ਗੱਲਬਾਤ ਕੀਤੀ ਜਾਵੇਗੀ |