ਤਲਵੰਡੀ ਸਾਬੋ, 9 ਮਾਰਚ (ਰਵਜੋਤ ਸਿੰਘ ਰਾਹੀ)-ਨਾਰੀ ਸਸ਼ਕਤੀਕਰਨ ਅਤੇ ਗਿਆਨ ਦੀ ਜੋਤ ਨੂੰ ਹੋਰ ਰੌਸ਼ਨ ਕਰਨ ਲਈ ਮਾਲਵੇ ਇਲਾਕੇ ਦੀ ਪ੍ਰਸਿੱਧ ਵਿਦਿਅਕ ਸੰਸਥਾ ਗੁਰੂ ਕਾਸ਼ੀ ਯੂਨੀਵਰਸਿਟੀ ਵਲੋਂ ਅੰਤਰਰਾਸ਼ਟਰੀ ਨਾਰੀ ਦਿਵਸ ਮੌਕੇ ਵਿਸ਼ੇਸ਼ ਸਮਾਰੋਹ ਕਰਵਾਇਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਯੂਨੀਵਰਸਿਟੀ ਦੇ ਚਾਂਸਲਰ ਗੁਰਲਾਭ ਸਿੰਘ ਸਿੱਧੂ ਨੇ ਨਾਰੀ ਸ਼ਕਤੀ ਦੇ ਸਨਮਾਨ ਵਿਚ ਇਕ ਮਹੱਤਵਪੂਰਨ ਐਲਾਨ ਕਰਦਿਆਂ ਕਿਹਾ ਕਿ ਸੈਸ਼ਨ 2026-27 ਤੋਂ ਗੁਰੂ ਕਾਸ਼ੀ ਯੂਨੀਵਰਸਿਟੀ ਵਿਚ ਪੜ੍ਹ ਰਹੀਆਂ ਬੇਟੀਆਂ ਦੀਆਂ ਭੈਣਾਂ ਨੂੰ ਪੂਰੀ ਡਿਗਰੀ ਦੌਰਾਨ ਹਰ ਕੋਰਸ ਵਿਚ 25 ਪ੍ਰਤੀਸ਼ਤ ਫ਼ੀਸ ਮੁਆਫ਼ੀ ਦਿੱਤੀ ਜਾਵੇਗੀ | ਇਸ ਤੋਂ ਇਲਾਵਾ ਯੂਨੀਵਰਸਿਟੀ ਬੱਸਾਂ ਵਿਚ ਸਫ਼ਰ ਕਰਨ ਵਾਲੀਆਂ ਬੇਟੀਆਂ ਲਈ ਬੱਸ ਕਿਰਾਏ ਵਿਚ ਵੀ 50 ਪ੍ਰਤੀਸ਼ਤ ਤੱਕ ਦੀ ਛੋਟ ਦਿੱਤੀ ਜਾਵੇਗੀ | ਨਾਰੀ ਸ਼ਕਤੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਨਾਰੀ ਸਿ੍ਸ਼ਟੀ ਦਾ ਮੂਲ ਆਧਾਰ ਅਤੇ ਇਲਾਹੀ ਸ਼ਕਤੀ ਦਾ ਪ੍ਰਤੀਕ ਹੈ | ਉਨ੍ਹਾਂ ਕਿਹਾ ਕਿ ਜਦੋਂ ਕਿਸੇ ਵੀ ਪਰਿਵਾਰ ਦੀ ਇਕ ਬੇਟੀ ਸਿੱਖਿਆ ਪ੍ਰਾਪਤ ਕਰਦੀ ਹੈ ਤਾਂ ਉਹ ਸਿਰਫ਼ ਆਪਣੀ ਜ਼ਿੰਦਗੀ ਨਹੀਂ ਸਵਾਰਦੀ, ਬਲਕਿ ਉਸ ਦੀ ਸਿੱਖਿਆ ਦੀ ਰੌਸ਼ਨੀ ਨਾਲ ਪੂਰੇ ਪਰਿਵਾਰ ਅਤੇ ਆਉਣ ਵਾਲੀਆਂ ਕਈ ਪੀੜ੍ਹੀਆਂ ਦਾ ਭਵਿੱਖ ਰੌਸ਼ਨ ਹੋ ਜਾਂਦਾ ਹੈ | ਉਨ੍ਹਾਂ ਲੜਕੀਆਂ ਵਲੋਂ ਖੇਡਾਂ, ਸਿੱਖਿਆ, ਵਿਗਿਆਨ, ਪ੍ਰਬੰਧਨ ਅਤੇ ਹੋਰ ਅਨੇਕ ਖੇਤਰਾਂ ਵਿਚ ਪ੍ਰਾਪਤ ਕੀਤੀਆਂ ਉਪਲੱਬਧੀਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਅੱਜ ਦੀ ਨਾਰੀ ਕਿਸੇ ਵੀ ਪੱਖੋਂ ਪੁਰਸ਼ਾਂ ਨਾਲੋਂ ਘੱਟ ਨਹੀਂ | ਉਨ੍ਹਾਂ ਸਮਾਜ ਦੇ ਸਾਰੇ ਵਰਗਾਂ ਨੂੰ ਅਪੀਲ ਕੀਤੀ ਕਿ ਬੇਟੀਆਂ ਨੂੰ ਉੱਚੀ ਸਿੱਖਿਆ ਦੇ ਮੌਕੇ ਦਿੱਤੇ ਜਾਣ ਅਤੇ ਉਨ੍ਹਾਂ ਦੇ ਸੁਪਨਿਆਂ ਨੂੰ ਪਰਵਾਜ਼ ਦੇਣ ਲਈ ਹਰ ਸੰਭਵ ਸਹਿਯੋਗ ਕੀਤਾ ਜਾਵੇ |