ਭਗਤਾ ਭਾਈਕਾ, 9 ਮਾਰਚ (ਸੁਖਪਾਲ ਸਿੰਘ ਸੋਨੀ)-ਭਾਰਤੀ ਜਨਤਾ ਪਾਰਟੀ ਪੰਜਾਬ ਵਲੋਂ 14 ਮਾਰਚ ਨੂੰ ਮੋਗਾ ਵਿਖੇ ਕੀਤੀ ਜਾ ਰਹੀ ਰੈਲੀ ਦੀਆਂ ਤਿਆਰੀਆਂ ਨੂੰ ਲੈ ਕੇ ਭਾਜਪਾ ਆਗੂਆਂ ਵਲੋਂ ਤਿਆਰੀਆਂ ਜ਼ੋਰਾਂ ਉਪਰ ਚੱਲ ਰਹੀਆਂ ਹਨ | ਰੈਲੀ ਦੀ ਲਾਮਬੰਦੀ ਸਬੰਧੀ ਪਿੰਡਾਂ ਅੰਦਰ ਆਗੂਆਂ ਲਈ ਨੁੱਕੜ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ | ਇਸੇ ਹੀ ਲੜੀ ਤਹਿਤ ਵਿਧਾਨ ਸਭਾ ਹਲਕਾ ਵਿਧਾਨ ਸਭਾ ਫੂਲ ਦੇ ਸੀਨੀਅਰ ਆਗੂ ਗੁਰਵਿੰਦਰ ਸਿੰਘ ਭਗਤਾ ਦੀ ਅਗਵਾਈ ਹੇਠ ਮੋਗਾ ਰੈਲੀ ਦੀਆਂ ਤਿਆਰੀਆਂ ਜ਼ੋਰਾਂ ਉਪਰ ਚੱਲ ਰਹੀਆਂ ਹਨ | ਭਾਜਪਾ ਆਗੂ ਗੁਰਵਿੰਦਰ ਸਿੰਘ ਭਗਤਾ ਨੇ ਦੱਸਿਆ ਕਿ 14 ਮਾਰਚ ਨੂੰ ਭਾਜਪਾ ਵਲੋਂ ਮੋਗਾ ਵਿਖੇ ਕੀਤੀ ਜਾ ਰਹੀ ਰੈਲੀ ਦੌਰਾਨ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕਰਨਗੇ | ਉਨ੍ਹਾਂ ਕਿਹਾ ਕਿ ਭਾਜਪਾ ਦੀ ਮੋਗਾ ਰੈਲੀ ਨੂੰ ਲੈ ਕੇ ਪਿੰਡਾਂ ਦੇ ਲੋਕਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਲੋਕ ਪੱਖੀ ਸਕੀਮਾਂ ਸਹੂਲਤਾਂ ਨੇ ਲੋਕਾਂ ਨੂੰ ਵੱਡੀ ਰਾਹਤ ਪ੍ਰਦਾਨ ਕੀਤੀ ਹੈ | ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਦਿਨ ਬ ਦਿਨ ਤਰੱਕੀ ਵੱਲ ਵੱਧ ਰਹੀ ਹੈ | ਉਨ੍ਹਾਂ ਕਿਹਾ ਕਿ ਭਾਜਪਾ ਦੀ ਕੇਂਦਰ ਵਿਚ ਸਰਕਾਰ ਸਥਾਪਿਕ ਹੋਣ ਉਪਰੰਤ ਦੇਸ਼ ਦੀ ਜਿਥੇ ਆਰਥਿਕਤਾ ਵਿਚ ਸੁਧਾਰ ਹੋਇਆ ਹੈ, ਉਥੇ ਨੌਜਵਾਨਾਂ ਨੂੰ ਰੁਜਗਾਰ ਦੇ ਵੀ ਵੱਡੀ ਪੱਧਰ 'ਤੇ ਮਿਲ ਰਹੇ ਹਨ |