ਬਠਿੰਡਾ, 27 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)-ਪੰਜਾਬ ਰਾਜ ਮਹਿਲਾ ਕਮਿਸ਼ਨ ਵਲੋਂ ਔਰਤਾਂ ਦੀਆਂ ਸਮੱਸਿਆਵਾਂ ਅਤੇ ਉਨ੍ਹਾਂ ਦਾ ਮੌਕੇ 'ਤੇ ਹੱਲ ਕਰਨ ਦੇ ਮਕਸਦ ਨਾਲ ਸਥਾਨਕ ਮਿੰਨੀ ਸਕੱਤਰੇਤ ਵਿਖੇ ਪੁਲਿਸ ਮੀਟਿੰਗ ਹਾਲ ਵਿਚ ਲੋਕ ਅਦਾਲਤ ਲਗਾਈ ਗਈ, ਜਿਸ ਵਿਚ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਔਰਤਾਂ ਦੀਆਂ ਮੁਸ਼ਕਿਲਾਂ ਸੁਣੀਆਂ | ਇਸ ਲੋਕ ਅਦਾਲਤ ਦੌਰਾਨ 35 ਕੇਸਾਂ ਦੀ ਸੁਣਵਾਈ ਕੀਤੀ ਗਈ, ਜਿਨ੍ਹਾਂ 'ਚੋਂ 20 ਕੇਸਾਂ ਦੀਆਂ ਅਰਜ਼ੀਆਂ ਮੌਕੇ 'ਤੇ ਹੀ ਪ੍ਰਾਪਤ ਹੋਈਆਂ ਸਨ | ਇਨ੍ਹਾਂ 'ਚੋਂ 50 ਫ਼ੀਸਦੀ ਕੇਸਾਂ ਦਾ ਮੌਕੇ 'ਤੇ ਹੀ ਨਿਪਟਾਰਾ ਕਰ ਦਿੱਤਾ ਗਿਆ ਜਦਕਿ ਬਾਕੀ ਕੇਸਾਂ ਲਈ ਸਬੰਧਿਤ ਅਧਿਕਾਰੀਆਂ ਨੂੰ ਛੇਤੀ ਤੋਂ ਛੇਤੀ ਉਚਿਤ ਹੱਲ ਕਰਨ ਦੇ ਨਿਰਦੇਸ਼ ਦਿੱਤੇ ਗਏ | ਇਸ ਮੌਕੇ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਕਿਹਾ ਕਿ ਮਹਿਲਾ ਕਮਿਸ਼ਨ ਹਰੇਕ ਜ਼ਿਲ੍ਹੇ ਅੰਦਰ ਜਾ ਕੇ ਔਰਤਾਂ ਨੂੰ ਦਰਪੇਸ਼ ਆ ਰਹੀਆਂ ਸਮੱਸਿਆਵਾਂ ਦੇ ਨਿਪਟਾਰੇ ਲਈ ਲੋਕ ਅਦਾਲਤ ਲਗਾ ਰਿਹਾ, ਕਿਉਂਕਿ ਹਰ ਪੀੜਤ ਔਰਤ ਮੋਹਾਲੀ ਵਿਖੇ ਸਥਿਤ ਕਮਿਸ਼ਨ ਦੇ ਦਫ਼ਤਰ ਤੱਕ ਨਹੀਂ ਪੁੱਜ ਸਕਦੀ ਹੈ | ਉਨ੍ਹਾਂ ਕਿਹਾ ਕਿ ਕਮਿਸ਼ਨ ਵਲੋਂ ਜਿੱਥੇ ਸਬੰਧਿਤ ਦੋਸ਼ੀਆਂ ਖਿਲਾਫ ਕਾਰਵਾਈ ਯਕੀਨੀ ਬਣਾਈ ਜਾਂਦੀ ਹੈ, ਉੱਥੇ ਕੋਸ਼ਿਸ਼ ਰਹਿੰਦੀ ਹੈ ਕਿ ਪਤੀ-ਪਤਨੀ ਦੇ ਝਗੜਿਆਂ ਦਾ ਸਾਰਥਿਕ ਹੱਲ ਨਿਕਲੇ ਅਤੇ ਗੱਲ ਤਲਾਕ ਤੱਕ ਨਾ ਜਾਵੇ | ਉਨ੍ਹਾਂ ਕਿਹਾ ਕਿ ਕੋਈ ਵੀ ਪੀੜਤ ਔਰਤ ਕਮਿਸ਼ਨ ਕੋਲ ਪਹੁੰਚ ਕਰ ਸਕਦੀ ਹੈ ਤੇ ਇਸ ਤੋਂ ਬਿਨ੍ਹਾਂ ਆਪਣੇ ਜ਼ਿਲ੍ਹੇ ਦੇ ਮਹਿਲਾ ਸੈਲ ਵਿਚ ਵੀ ਅਰਜ਼ੀ ਦੇ ਕੇ ਉਸ ਦੀ ਨਕਲ ਕਮਿਸ਼ਨ ਕੋਲ ਭੇਜੀ ਜਾਵੇ ਤਾਂ ਕਮਿਸ਼ਨ ਸ਼ਿਕਾਇਤ 'ਤੇ ਜਲਦੀ ਕਾਰਵਾਈ ਕਰਵਾਉਣੀ ਯਕੀਨੀ ਬਣਾਉਂਦਾ ਹੈ | ਕਮਿਸ਼ਨ ਔਰਤਾਂ ਦੇ ਅਧਿਕਾਰਾਂ ਦੀ ਰਾਖੀ ਕਰਨ ਲਈ ਵਚਨਬੱਧਤਾ ਨਾਲ ਕੰਮ ਕਰ ਰਿਹਾ ਹੈ | ਉਨ੍ਹਾਂ ਨੇ ਸਮਾਜ ਨੂੰ ਅਪੀਲ ਕੀਤੀ ਕਿ ਛੋਟੀਆਂ-ਛੋਟੀਆਂ ਗੱਲਾਂ ਨਾਲ ਰਿਸ਼ਤਿਆਂ ਵਿਚ ਵਿਗਾੜ ਨਾ ਪਾਇਆ ਜਾਵੇ ਅਤੇ ਪਰਿਵਾਰਿਕ ਇਕਾਈ ਦੇ ਮਹੱਤਵ ਨੂੰ ਸਮਝਦਿਆਂ ਇਕ ਚੰਗੇ ਸਮਾਜ ਦੀ ਸਿਰਜਣਾ ਵਿਚ ਯੋਗਦਾਨ ਪਾਉਣਾ ਚਾਹੀਦਾ ਹੈ | ਇਸ ਦੌਰਾਨ ਚੇਅਰਪਰਸਨ ਨੇ ਜਾਂਚ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਾਨੂੰਨੀ ਦਾਇਰੇ ਵਿਚ ਰਹਿੰਦਿਆਂ ਪੀੜਿਤ ਧਿਰਾਂ ਨੂੰ ਇਨਸਾਫ਼ ਦਿਵਾਉਣਾ ਯਕੀਨੀ ਬਣਾਇਆ ਜਾਵੇ ਅਤੇ ਪੁਲਿਸ ਵਿਭਾਗ ਨੂੰ ਚੱਲ ਰਹੇ ਕੇਸਾਂ ਦੀ ਜਾਂਚ ਛੇਤੀ ਤੋਂ ਛੇਤੀ ਮੁਕੰਮਲ ਕਰਨ ਦੀਆਂ ਸਖ਼ਤ ਹਦਾਇਤਾਂ ਕੀਤੀਆਂ |