ਬਠਿੰਡਾ ਪੁਲਿਸ ਵਲੋਂ ਵੱਖ-ਵੱਖ ਥਾਵਾਂ ਤੋਂ 4 ਵਿਅਕਤੀ ਗਿ੍ਫ਼ਤਾਰ
ਅਜੀਤ ਡੈਸਕ
18-04-2026
ਬਠਿੰਡਾ, 17 ਅਪ੍ਰੈਲ (ਵੀਰਪਾਲ ਸਿੰਘ): ਬਠਿੰਡਾ ਪੁਲਿਸ ਵਲੋਂ ਵੱਖ-ਵੱਖ ਥਾਵਾਂ ਤੋਂ 4 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਜਿਨ੍ਹਾਂ ਪਾਸੋਂ 206 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ | ਪਹਿਲੇ ਮਾਮਲੇ ਦੀ ਜਾਂਚ ਕਰਦੇ ਪੁਲਿਸ ਅਧਿਕਾਰੀ ਜਗਦੇਵ ਸਿੰਘ ਵਲੋਂ ਦੱਸਿਆ ਗਿਆ ਕਿ ਥਾਣਾ ਕੈਨਾਲ ਪੁਲਿਸ ਵਲੋਂ ਨਰੂਆਣਾ ਰੋਡ, ਬਠਿੰਡਾ ਪਾਸੋਂ ਇੱਕ ਸ਼ੱਕੀ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਗਿਆ | ਜਿਸ ਪਾਸੋਂ ਤਲਾਸ਼ੀ ਦੌਰਾਨ 191 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ | ਪੁਲਿਸ ਅਨੁਸਾਰ ਗਿ੍ਫ਼ਤਾਰ ਕੀਤੇ ਗਏ ਵਿਅਕਤੀ ਦੀ ਪਹਿਚਾਣ ਹਰਪ੍ਰੀਤ ਸਿੰਘ ਵਾਸੀ ਅਮਰਪੁਰਾ ਬਸਤੀ, ਬਠਿੰਡਾ ਵਜੋਂ ਹੋਈ ਹੈ | ਜਿਸ 'ਤੇ ਥਾਣਾ ਕੈਨਾਲ ਕਾਲੋਨੀ ਵਿਖੇ ਨਸ਼ਾ ਰੋਕੂ ਐਕਟ ਅਧੀਨ ਮੁਕੱਦਮਾ ਦਰਜ ਕਰ ਲਿਆ ਗਿਆ ਹੈ | ਇਸੇ ਮਾਮਲੇ 'ਚ ਬਠਿੰਡਾ ਪੁਲਿਸ ਵਲੋਂ ਪੈੱ੍ਰਸ ਕਾਨਫ਼ਰੰਸ ਦੌਰਾਨ ਦੱਸਿਆ ਗਿਆ ਕਿ 191 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤੇ ਗਏ ਵਿਅਕਤੀ ਨੂੰ ਸੀ.ਆਈ.ਏ ਸਟਾਫ਼-1 ਦੀ ਪੁਲਿਸ ਪਾਰਟੀ ਵਲੋਂ ਨਰੂਆਣਾ ਰੋਡ 'ਤੇ ਗਸ਼ਤ ਦੌਰਾਨ ਕਾਬੂ ਕੀਤਾ ਗਿਆ ਸੀ | ਜਿਸ 'ਤੇ ਬਠਿੰਡਾ ਵਿਖੇ ਪਹਿਲਾਂ 1 ਕਿੱਲੋ ਅਫ਼ੀਮ ਫੜੇ ਜਾਣ ਦਾ ਮਾਮਲਾ ਵੀ ਦਰਜ ਹੈ | ਉਕਤ ਵਿਅਕਤੀ ਸਾਲ 2025 ਦੇ ਸੱਤਵੇਂ ਮਹੀਨੇ 'ਚ ਜੇਲ੍ਹ ਵਿਚੋਂ ਬਾਹਰ ਆਇਆ ਸੀ | ਉਕਤ ਵਿਅਕਤੀ ਪਾਸੋਂ ਬਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ |
ਦੂਸਰੇ ਮਾਮਲੇ ਵਿਚ ਤਫ਼ਤੀਸ਼ੀ ਅਧਿਕਾਰੀ ਹੌਲਦਾਰ ਪ੍ਰਦੀਪ ਕੁਮਾਰ ਵਲੋਂ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਥਾਣਾ ਸਦਰ ਪੁਲਿਸ ਪਾਰਟੀ ਵਲੋਂ ਸਾਜਨ ਸਿੰਘ ਵਾਸੀ ਚੱਕ ਬਲੌਚਾ, ਜ਼ਿਲ੍ਹਾ ਫ਼ਾਜ਼ਿਲਕਾ ਨੂੰ ਬੱਲੂਆਣਾ ਤੋਂ 11 ਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕਰਦੇ ਹੋਏ ਨਸ਼ਾ ਰੋਕੂ ਐਕਟ ਅਧੀਨ ਮੁਕੱਦਮਾ ਦਰਜ ਕਰ ਦਿੱਤਾ ਗਿਆ ਹੈ | ਤੀਸਰੇ ਮਾਮਲੇ ਵਿਚ ਜਾਂਚ ਪੁਲਿਸ ਅਧਿਕਾਰੀ ਮੰਦਰ ਸਿੰਘ ਅਨੁਸਾਰ ਥਾਣਾ ਸਿਵਲ ਲਾਈਨ ਪੁਲਿਸ ਪਾਰਟੀ ਵਲੋਂ ਅਜੇ ਕੁਮਾਰ ਵਾਸੀ ਬੇਅੰਤ ਨਗਰ, ਬਠਿੰਡਾ ਅਤੇ ਅਜੇ ਕੁਮਾਰ ਵਾਸੀ ਅਜੀਤ ਰੋਡ, ਬਠਿੰਡਾ ਨੂੰ ਮਾਡਲ ਟਾਊਨ, ਬਠਿੰਡਾ ਪਾਸੇ 4 ਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕੀਤਾ ਗਿਆ ਹੈ | ਜਿਨ੍ਹਾਂ 'ਤੇ ਥਾਣਾ ਸਿਵਲ ਲਾਈਨ ਵਿਖੇ ਨਸ਼ਾ ਰੋਕੂ ਐਕਟ ਅਧੀਨ ਮੁਕੱਦਮਾ ਦਰਜ ਕਰ ਲਿਆ ਗਿਆ ਹੈ |