ਚਾਉਕੇ , 17 ਅਪ੍ਰੈਲ (ਮਨਜੀਤ ਸਿੰਘ ਘੜੈਲੀ)-ਅੱਜ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਵਿਖੇ ਪੰਜਾਬੀ ਦੇ ਬਹੁਪੱਖੀ ਲੇਖਕ ਅਤੇ ਭਾਰਤੀ ਸਾਹਿਤ ਅਕੈਡਮੀ ਦਿੱਲੀ ਦੀ ਗਵਰਨਿੰਗ ਕੌਂਸਲ ਦੇ ਮੈਂਬਰ ਬੂਟਾ ਸਿੰਘ ਚੌਹਾਨ ਦੀ ਵੱਡ ਆਕਾਰੀ ਪੁਸਤਕ 'ਮੇਰੇ ਤਿੰਨ ਨਾਵਲ-ਭਾਗ ਦੂਜਾ' ਰਿਲੀਜ਼ ਕੀਤੀ | ਇਹ ਰਸਮ ਸਕੂਲ ਦੇ ਸੰਸਥਾਪਕ ਰਵਿੰਦਰਜੀਤ ਸਿੰਘ ਬਿੰਦੀ ਨੇ ਅਦਾ ਕਰਨ ਉਪਰੰਤ ਕਿਹਾ ਕਿ ਬੂਟਾ ਸਿੰਘ ਚੌਹਾਨ ਨੇ ਆਪਣੇ ਨਾਵਲਾਂ ਵਿਚ ਮਲਵਈ ਜੀਵਨ ਨੂੰ ਚਿਤਰਿਆ ਹੈ | ਉਨ੍ਹਾਂ ਦੇ ਹਰ ਨਾਵਲ ਦਾ ਵਿਸ਼ਾ ਨਵਾਂ ਹੁੰਦਾ ਹੈ | ਜੀਵਨ ਦੇ ਵੱਡੇ ਸੱਚ ਪਾਠਕਾਂ ਦੇ ਸਨਮੁੱਖ ਲਿਆਉਣੇ ਉਨ੍ਹਾਂ ਦੇ ਨਾਵਲਾਂ ਦੇ ਵਿਸ਼ੇਸ਼ ਗੁਣ ਹੈ | ਬੂਟਾ ਸਿੰਘ ਚੌਹਾਨ ਨੇ ਦੱਸਿਆ ਕਿ ਇਸ ਤੋਂ ਪਿਛਲੇ ਸਾਲ ਇਸ ਲੜੀ ਦਾ ਪਹਿਲਾ ਭਾਗ ਛਪਿਆ ਸੀ | ਜਿਸ ਵਿਚ ਮੇਰੇ ਤਿੰਨ ਨਾਵਲ 'ਸੱਤ ਰੰਗੀਆਂ ਚਿੜੀਆਂ', 'ਸਾਥ ਪਰਿੰਦਿਆਂ ਦਾ' ਤੇ ,'ਪਤਾ ਨਹੀਂ ਸੀ' ਸ਼ਾਮਿਲ ਸਨ | ਇਸ ਦੂਜੇ ਭਾਗ ਵਿਚ 'ਉੱਜੜੇ ਖੂਹ ਦਾ ਪਾਣੀ', 'ਗੇਰੂ ਰੰਗੇ' ਤੇ ਲਵ ਪ੍ਰੋਜੈਕਟ, ਸ਼ਾਮਿਲ ਹਨ | ਉਨ੍ਹਾਂ ਦੱਸਿਆ ਕਿ ਹੁਣ ਤੱਕ ਉਹ ਦਸ ਨਾਵਲ ਲਿਖ ਚੁੱਕੇ ਹਨ | ਬੋਲੀਕਾਰ ਰਘਵੀਰ ਗਿੱਲ ਕੱਟੂ ਨੇ ਕਿਹਾ ਕਿ ਚੌਹਾਨ ਸਾਹਿਤ ਸਿਰਜਣਾ ਨੂੰ ਸਮਰਪਿਤ ਲੇਖਕ ਹਨ | ਆਪ ਤਾਂ ਨਿਰੰਤਰ ਲਿਖਦੇ ਹੀ ਨੇ, ਸਗੋਂ ਨਵੇਂ ਤੇ ਪ੍ਰੌੜ ਲੇਖਕਾਂ ਨੂੰ ਵੀ ਨਿਰੰਤਰ ਲਿਖਣ ਲਈ ਪ੍ਰੇਰਦੇ ਰਹਿੰਦੇ ਹਨ | ਡਾ: ਹਰਵਿੰਦਰ ਸਿੰਘ ਨੇ ਕਿਹਾ ਕਿ ਚੌਹਾਨ ਦੀਆਂ ਕਹਾਣੀਆਂ ਤੇ ਨਾਵਲਾਂ ਦੀ ਭਾਸ਼ਾ ਦਿਲ ਟੁੰਬਵੀਂ ਹੁੰਦੀ ਹੈ | ਇਹੋ ਕਾਰਨ ਹੈ ਕਿ ਉਨ੍ਹਾਂ ਦੇ ਪਾਠਕਾਂ ਦਾ ਦਾਇਰਾ ਦਿਨੋ ਦਿਨ ਵਿਸ਼ਾਲ ਹੋ ਰਿਹਾ ਹੈ | ਇਸ ਮੌਕੇ ਪਿ੍ੰਸੀਪਲ ਅਮਨਦੀਪ ਕੌਰ, ਕੋਆਰਡੀਨੇਟਰ ਪਰਮਪ੍ਰੀਤ ਕੌਰ, ਵੈਦ ਤੇ ਸਮਾਜ ਸੇਵੀ ਕਪੂਰ ਚੰਦ ਸ਼ਰਮਾ, ਪੰਜਾਬੀ ਕਵੀ ਹਾਕਮ ਸਿੰਘ ਰੂੜੇਕੇ ਵੀ ਹਾਜ਼ਰ ਸਨ |