ਲਹਿਰਾ ਮੁਹੱਬਤ, 25 ਅਪ੍ਰੈਲ (ਸੁਖਪਾਲ ਸਿੰਘ ਸੱੁਖੀ)-ਭਾਜਪਾ ਵਲੋਂ ਅੱਜ ਨਗਰ ਪੰਚਾਇਤ ਲਹਿਰਾ ਮੁਹੱਬਤ ਦੀਆਂ ਚੋਣਾਂ ਦੀ ਤਿਆਰੀ ਲਈ ਮੁਹਿੰਮ ਦਾ ਆਗਾਜ਼ ਕਰਦਿਆਂ ਪਾਰਟੀ ਵਲੋਂ ਵਿਸ਼ੇਸ਼ ਮੀਟਿੰਗ ਦੌਰਾਨ ਸਾਰੇ ਵਾਰਡਾਂ 'ਚੋਂ ਚੋਣ ਲੜਨ ਦਾ ਸੰਕੇਤਕ ਐਲਾਨ ਕਰ ਦਿੱਤਾ ਹੈ | ਇਸ ਦੌਰਾਨ ਭਾਜਪਾ ਦੇ ਹਲਕਾ ਇੰਚਾਰਜ ਪਿ੍ੰਸੀਪਲ ਬਲਦੇਵ ਸਿੰਘ ਆਕਲੀਆ ਜ਼ਿਲ੍ਹਾ ਪ੍ਰਧਾਨ ਐੱਸ.ਸੀ ਮੋਰਚਾ ਨੇ ਮੀਟਿੰਗ ਦੌਰਾਨ ਵਿਸ਼ੇਸ਼ ਸ਼ਿਰਕਤ ਕਰਦਿਆਂ ਪਾਰਟੀ ਦੀਆਂ ਲੋਕ ਭਲਾਈ ਸਕੀਮਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਲਹਿਰਾ ਮੁਹੱਬਤ ਨਗਰ ਦੇ ਸਾਰੇ ਵਰਗਾਂ ਦੇ ਸੂਝਵਾਨ ਲੋਕ ਇਸ ਗੱਲ ਤੋਂ ਭਲੀਭਾਂਤ ਜਾਣੂ ਹਨ, ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਮਕਾਨ ਬਣਾਉਣ ਲਈ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਵਲੋਂ ਬਿਨਾਂ ਭੇਦ ਭਾਵ ਹਰ ਘਰ ਨੂੰ ਸਕੀਮ ਦਾ ਲਾਹਾ ਦਿੱਤਾ ਜਾ ਰਿਹਾ | ਇਸ ਸਕੀਮ ਤਹਿਤ ਨਗਰ ਦੇ ਵਿੱਚ ਹਰ ਵਰਗ ਦੇ ਬਹੁਤ ਸਾਰੇ ਮਕਾਨ ਬਣ ਚੁੱਕੇ ਹਨ ਤੇ ਬਣ ਵੀ ਰਹੇ ਹਨ | ਦੇਸ਼ ਦੇ ਕਿਸਾਨਾਂ ਨੂੰ ਕਿਸਾਨ ਸਮਰਿਧੀ ਯੋਜਨਾ ਤਹਿਤ ਲਗਾਤਾਰ ਨਗਦੀ ਦਿੱਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣ 2027 ਵਿੱਚ ਜਦੋਂ ਪੰਜਾਬ ਵਿਚ ਭਾਜਪਾ ਦੀ ਸਰਕਾਰ ਬਣੇਗੀ | ਉਸ ਮਗਰੋਂ ਸਾਰੇ ਵਰਗਾਂ ਲਈ ਭਲਾਈ ਸਕੀਮਾਂ ਦੇ ਗੱਫੇ ਦਿੱਤੇ ਜਾਣਗੇ | ਉਨ੍ਹਾਂ ਨਗਰ ਦੇ ਪਾਰਟੀ ਵਰਕਰਾਂ ਤੇ ਆਗੂਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਆਉਣ ਵਾਲੀ ਨਗਰ ਪੰਚਾਇਤ ਚੋਣ ਲਈ ਘਰ-ਘਰ ਜਾ ਕੇ ਪਾਰਟੀ ਦਾ ਪ੍ਰਚਾਰ ਕਰਨ ਵਿਚ ਯੋਗਦਾਨ ਪਾਇਆ ਜਾਵੇ ਤਾਂ ਕਿ ਨਗਰ ਪੰਚਾਇਤ ਲਹਿਰਾ ਮੁਹੱਬਤ ਵਿਚ ਵੀ ਭਾਜਪਾ ਦੀ ਨੁਮਾਇੰਦਗੀ ਹੋਵੇ | ਇਸ ਮੌਕੇ ਚਰਨਜੀਤ ਸਿੰਘ ਸਰਕਲ ਪ੍ਰਧਾਨ, ਕੁਲਵਿੰਦਰ ਸਿੰਘ ਜਰਨਲ ਸਕੱਤਰ, ਹਰਪਾਲ ਸਿੰਘ ਪ੍ਰਧਾਨ ਬੀ.ਸੀ ਮੋਰਚਾ, ਜਲੌਰ ਸਿੰਘ, ਮਲਕੀਤ ਸਿੰਘ ਮੀਤਾ, ਸੁਖਦੇਵ ਸਿੰਘ, ਬੂਟਾ ਸਿੰਘ ਤੇ ਹਰਦੀਪ ਸਿੰਘ ਹਾਜ਼ਰ ਸਨ |