ਮਾਨਸਾ, 2 ਮਈ (ਰਾਵਿੰਦਰ ਸਿੰਘ ਰਵੀ)- 21 ਮੈਂਬਰੀ ਸੰਘਰਸ਼ ਕਮੇਟੀ ਨੇ ਇੱਥੇ ਇਕੱਤਰਤਾ ਕਰ ਕੇ ਮਾਨਸਾ ਸ਼ਹਿਰ ਦੀਆਂ ਸਮੱਸਿਆਵਾਂ ਹੱਲ ਕਰਵਾਉਣ ਲਈ ਅਹਿਦ ਲਿਆ | ਮੀਟਿੰਗ ਦੀ ਪ੍ਰਧਾਨਗੀ ਡਾ. ਜਨਕ ਰਾਜ ਸਿੰਗਲਾ ਨੇ ਕੀਤੀ | ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਨਵੇਂ ਬਣੇ ਰੇਲਵੇ ਸਟੇਸ਼ਨ ਦੀ ਇਮਾਰਤ ਦੀਆਂ ਤਰੁੱਟੀਆਂ ਅਤੇ ਭਵਿੱਖ ਵਿਚ ਆਉਣ ਵਾਲੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਬੇਸ਼ੱਕ ਰੇਲਵੇ ਪ੍ਰਸ਼ਾਸਨ ਨਾਲ ਮਿਲ ਕੇ ਲਗਾਤਾਰ ਯਤਨ ਜਾਰੀ ਹਨ ਪ੍ਰੰਤੂ ਰੇਲਵੇ ਪੁਲੀ, ਅੰਡਰ ਬਿ੍ਜ, ਟਿਕਟ ਖਿੜਕੀ-2, ਪੀਣ ਵਾਲੇ ਪਾਣੀ, ਜਨਤਕ ਪਖਾਨੇ ਆਦਿ ਦੇ ਸੁਚਾਰੂ ਹੱਲ ਲਈ ਜਤਿੰਦਰ ਕੁਮਾਰ ਆਗਰਾ, ਹਰਵਿੰਦਰ ਭਾਰਦਵਾਜ, ਸੁਰੇਸ਼ ਕੁਮਾਰ ਨੰਦਗੜ੍ਹੀਆ, ਸਤੀਸ਼ ਕੁਮਾਰ ਗੋਇਲ, ਸੁਮੀਰ ਛਾਬੜਾ ਅਤੇ ਅੰਕੁਸ਼ ਜਿੰਦਲ ਦੀ ਅਗਵਾਈ 'ਚ ਸਬ ਕਮੇਟੀ ਦਾ ਗਠਨ ਕੀਤਾ ਗਿਆ | ਇਸ ਤੋਂ ਇਲਾਵਾ ਸ਼ਹਿਰ 'ਚ ਕੂੜਾ ਪ੍ਰਬੰਧਨ ਅਤੇ ਸੀਵਰੇਜ ਸਮੱਸਿਆ ਦੇ ਸਥਾਈ ਹੱਲ ਲਈ ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ, ਕਿ੍ਸ਼ਨ ਚੌਹਾਨ, ਮਨਦੀਪ ਸਿੰਘ ਗੋਰਾ, ਮਾਨਿਕ ਗੋਇਲ, ਹਰਿੰਦਰ ਸਿੰਘ ਮਾਨਸ਼ਾਹੀਆ ਸਰਗਰਮ ਰਹਿਣਗੇ | ਕਮੇਟੀ ਦੇ ਆਗੂ ਐਡਵੋਕੇਟ ਗੁਰਲਾਭ ਸਿੰਘ ਮਾਹਲ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨਾਲ ਹੋਈਆਂ ਮੀਟਿੰਗਾਂ 'ਚ ਅਧਿਕਾਰੀਆਂ ਵਲੋਂ ਮਾਸਟਰ ਪਲਾਨ ਸਬੰਧੀ ਟਾਸਕ ਫੋਰਸ ਗਠਿਤ ਕਰ ਦਿੱਤੀ ਗਈ ਹੈ ਅਤੇ ਨੋਟੀਫਾਈਡ ਮਾਸਟਰ ਪਲਾਨ ਦੀ ਉਲੰਘਣਾ ਕਰ ਕੇ ਪਾਸ ਹੋ ਰਹੇ ਨਕਸ਼ੇ ਤੁਰੰਤ ਰੋਕੇ ਜਾਣਗੇ | ਉਨ੍ਹਾਂ ਦੱਸਿਆ ਕਿ ਵੀ. ਆਈ. ਪੀ. ਰੋਡ 700 ਫੁੱਟ ਆਰ. ਸੀ. ਸੀ. ਸੜਕ ਦੇ ਫ਼ੇਲ੍ਹ ਹੋਏ ਨਮੂਨਿਆਂ ਸਬੰਧੀ ਡਿਪਟੀ ਕਮਿਸ਼ਨਰ ਮਾਨਸਾ ਵਲੋਂ ਰਿਪੋਰਟ ਡਾਇਰੈਕਟਰ ਸਥਾਨਕ ਸਰਕਾਰਾਂ ਵਿਭਾਗ ਪੰਜਾਬ ਨੂੰ ਅਗਲੇਰੀ ਕਾਰਵਾਈ ਲਈ ਭੇਜ ਦਿੱਤੀ ਗਈ ਹੈ ਅਤੇ ਜਲਦ ਜ਼ਿੰਮੇਵਾਰ ਅਧਿਕਾਰੀਆਂ ਤੇ ਠੇਕੇਦਾਰ ਖਿਲਾਫ ਬਣਦੀ ਕਾਰਵਾਈ ਅਤੇ ਸੜਕ ਮੁੜ ਬਣਾਉਣ ਦਾ ਭਰੋਸਾ ਦਿੱਤਾ ਗਿਆ ਹੈ | ਇਸ ਮੌਕੇ ਧੰਨਾ ਮੱਲ ਗੋਇਲ, ਚਮਕੌਰ ਸਿੰਘ ਸਿੱਧੂ ਆਦਿ ਹਾਜ਼ਰ ਸਨ |