ਮਹਿਰਾਜ, 9 ਮਈ (ਸੁਖਪਾਲ ਮਹਿਰਾਜ)-17 ਮਾਰਚ 2027 ਨੂੰ ਮਹਿਰਾਜ ਪਿੰਡ ਦੇ 400 ਸਾਲਾ ਮੋੜ੍ਹੀਗੱਡ ਦਿਹਾੜੇ ਨੂੰ ਸ਼ਾਨੋ-ਸ਼ੌਕਤ ਨਾਲ ਮਨਾਉਣ ਸਬੰਧੀ ਸਿੱਧੂ-ਬਰਾੜ ਭਾਈਚਾਰੇ ਦੀ ਅਹਿਮ ਮੀਟਿੰਗ ਗੁਰਦੁਆਰਾ ਬਾਬਾ ਸਿੱਧ ਤਿਲਕ ਰਾਏ ਮਹਿਰਾਜ ਵਿਖੇ ਹੋਈ | ਇਸ ਮੀਟਿੰਗ ਵਿਚ ਪੰਜਾਬ ਦੇ ਵੱਖ-ਵੱਖ ਪਿੰਡਾਂ ਅਤੇ ਹੋਰ ਸੂਬਿਆਂ ਤੋਂ ਪੁੱਜੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਭਾਗ ਲਿਆ ਅਤੇ ਸਮਾਗਮ ਨੂੰ ਇਤਿਹਾਸਕ ਬਣਾਉਣ ਲਈ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਮੀਤ ਸਿੰਘ ਮਹਿਰਾਜ, ਸੇਵਾਮੁਕਤ ਲੈਕਚਰਾਰ ਗੁਰਨਾਮ ਸਿੰਘ ਕਲਿਆਣ, ਰੂੜ ਸਿੰਘ ਲਹਿਰਾ ਮੁਹੱਬਤ, ਸਰਪੰਚ ਸੁਮਨਪ੍ਰੀਤ ਕੌਰ ਪੂਹਲਾ, ਨੰਬਰਦਾਰ ਦਰਸ਼ਨ ਸਿੰਘ ਨਥਾਣਾ, ਜਗਦੇਵ ਸਿੰਘ ਚੱਕ ਮਹਿਰਾਜ (ਰਾਜਸਥਾਨ), ਐਡਵੋਕੇਟ ਜੱਸ ਬੱਜੋਆਣਾ, ਗੁਰਮੀਤ ਸਿੰਘ ਅਤੇ ਅਮਰੀਕ ਸਿੰਘ, ਜ਼ਿਲ੍ਹਾ ਪ੍ਰੈਸ ਸਕੱਤਰ ਗੁਰਤੇਜ ਸਿੰਘ ਮਹਿਰਾਜ, ਤੀਰਥ ਸਿੰਘ ਦਿਆਲਪੁਰਾ ਨੇ ਦੱਸਿਆ ਕਿ 'ਸਿੱਧੂ-ਬਰਾੜ ਭਾਈਚਾਰਾ ਵਿਸ਼ਵ ਵੈੱਲਫੇਅਰ ਸੁਸਾਇਟੀ ਮਹਿਰਾਜ (ਬਠਿੰਡਾ)' ਦੇ ਨਾਮ ਹੇਠ ਸੰਸਥਾ ਨੂੰ ਰਜਿਸਟਰ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਸਮੁੱਚੇ ਸਿੱਧੂ-ਬਰਾੜ ਭਾਈਚਾਰੇ ਨੂੰ ਇਕ ਮੰਚ 'ਤੇ ਇਕੱਠਾ ਕਰਨ ਲਈ ਜਲਦ ਹੀ ਸਰਬਸੰਮਤੀ ਨਾਲ ਕਮੇਟੀ ਦਾ ਗਠਨ ਕੀਤਾ ਜਾਵੇਗਾ | ਆਗੂਆਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੌਰਾਨ ਵੱਖ-ਵੱਖ ਪਿੰਡਾਂ ਵਿਚ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰਕੇ ਲੋਕਾਂ ਨੂੰ ਇਸ ਮਹਾਨ ਇਤਿਹਾਸਕ ਦਿਹਾੜੇ ਨਾਲ ਜੋੜਿਆ ਜਾਵੇਗਾ, ਤਾਂ ਜੋ 400 ਸਾਲਾ ਸਮਾਗਮ ਨੂੰ ਭਾਈਚਾਰਕ ਏਕਤਾ, ਵਿਰਸੇ ਅਤੇ ਸੱਭਿਆਚਾਰ ਦੀ ਵਿਲੱਖਣ ਮਿਸਾਲ ਬਣਾਇਆ ਜਾ ਸਕੇ | ਇਸ ਮੌਕੇ ਹਾਜ਼ਰ ਸਮੂਹ ਸੰਗਤ ਅਤੇ ਭਾਈਚਾਰੇ ਦੇ ਆਗੂਆਂ ਨੇ ਸਮਾਗਮ ਨੂੰ ਯਾਦਗਾਰ ਬਣਾਉਣ ਲਈ ਪੂਰਨ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ |