ਬਠਿੰਡਾ, 21 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)- ਅੱਜ ਬਠਿੰਡਾ ਦੇ 4 ਪ੍ਰਾਈਵੇਟ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਈਮੇਲ ਮਿਲੀ ਹੈ, ਜਿਸ ਮਗਰੋਂ ਸ਼ਹਿਰ ਵਿਚ ਹੜਕੰਪ ਮਚ ਗਿਆ | ਸੂਚਨਾ ਮਿਲਦਿਆਂ ਸਕੂਲ ਪ੍ਰਬੰਧਕਾਂ ਨੇ ਤੁਰੰਤ ਇਸ ਦੀ ਸੂਚਨਾ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ | ਜਿਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਹਰਕਤ ਵਿਚ ਆ ਗਈਆਂ | ਚੌਕਸੀ ਵਰਤਦਿਆਂ ਭਾਰੀ ਗਿਣਤੀ ਵਿਚ ਪੁਲਿਸ ਫੋਰਸ ਅਤੇ ਡਾਗ ਸਕੁਐਡ ਦੀਆਂ ਟੀਮਾਂ ਸੰਬੰਧਿਤ ਸਕੂਲਾਂ ਵਿਚ ਪੁੱਜੀਆਂ | ਸੁਰੱਖਿਆ ਦੇ ਮੱਦੇਨਜ਼ਰ ਸਕੂਲਾਂ ਨੂੰ ਤੁਰੰਤ ਖਾਲੀ ਕਰਵਾ ਲਿਆ ਗਿਆ ਅਤੇ ਵਿਦਿਆਰਥੀਆਂ ਨੂੰ ਘਰੋਂ-ਘਰੀਂ ਭੇਜ ਦਿੱਤਾ ਗਿਆ¢ ਜਿਨ੍ਹਾਂ ਸਕੂਲਾਂ ਵਿਚ ਧਮਕੀ ਮਿਲੀ ਹੈ, ਉਨ੍ਹਾਂ ਵਿਚ ਲਾਰਡ ਰਾਮਾਂ ਪਬਲਿਕ ਸਕੂਲ ਬਠਿੰਡਾ, ਦਿੱਲੀ ਪਬਲਿਕ ਸਕੂਲ, ਪੁਲਿਸ ਪਬਲਿਕ ਸਕੂਲ ਅਤੇ ਮਿਲੇਨੀਅਮ ਸਕੂਲ ਸ਼ਾਮਲ ਹਨ, ਜਿਨ੍ਹਾਂ ਨੂੰ ਧਮਕੀ ਭਰੀ ਈਮੇਲ ਭੇਜ ਕੇ ਬੰਬ ਨਾਲ ਉਡਾਉਣ ਦੀ ਚੇਤਾਵਨੀ ਦਿੱਤੀ ਗਈ ਹੈ¢ ਇਸ ਸੰਬੰਧੀ ਡੀਐਸਪੀ ਸਿਟੀ-2 ਅਰੁਣ ਮੁੰਡਨ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਸਵੇਰੇ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਬਠਿੰਡਾ ਦੇ ਲਾਰਡ ਰਾਮਾਂ ਪਬਲਿਕ ਸਕੂਲ, ਦਿੱਲੀ ਪਬਲਿਕ ਸਕੂਲ, ਪੁਲਿਸ ਪਬਲਿਕ ਸਕੂਲ ਅਤੇ ਮਿਲੇਨੀਅਨ ਸਕੂਲ ਦੀ ਈਮੇਲ ਆਈ.ਡੀ 'ਤੇ ਇਕ ਧਮਕੀ ਭਰੀ ਮੇਲ ਪ੍ਰਾਪਤ ਹੋਈ ਹੈ, ਜਿਸ ਵਿਚ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ | ਜਿਸ ਮਗਰੋਂ ਤੁਰੰਤ ਕਾਰਵਾਈ ਕਰਦਿਆਂ ਸੁਰੱਖਿਆ ਦੇ ਮੱਦੇਨਜ਼ਰ ਸਕੂਲਾਂ ਵਿਚ ਛੁੱਟੀ ਕਰਵਾ ਕੇ ਬੱਚਿਆਂ ਨੂੰ ਸੁਰੱਖਿਅਤ ਘਰ ਭੇਜ ਦਿੱਤਾ ਗਿਆ ਅਤੇ ਪੁਲਿਸ ਟੀਮਾਂ ਵਲੋਂ ਸਕੂਲਾਂ ਦੀ ਅੰਦਰੂਨੀ ਜਾਂਚ ਕੀਤੀ ਗਈ ਹੈ ਪਰ ਕਿਸੇ ਵੀ ਸਕੂਲ ਵਿਚੋਂ ਕੋਈ ਸ਼ੱਕੀ ਵਸਤੂ ਨਹੀਂ ਮਿਲੀ | ਇਸ ਤੋਂ ਇਲਾਵਾ ਸਕੂਲਾਂ ਦੀ ਸਕਿਉਰਿਟੀ ਨੂੰ ਰੀਵਿਊ ਕੀਤਾ ਗਿਆ ਅਤੇ ਸਕੂਲਾਂ ਦੇ ਆਲੇ ਦੁਆਲੇ ਦੇ ਖੇਤਰ ਵਿਚ ਵੀ ਪੁਲਿਸ ਵਲੋਂ ਤਲਾਸ਼ੀ ਮੁਹਿੰਮ ਚਲਾਈ ਗਈ ਹੈ | ਬਠਿੰਡਾ ਦੇ ਰੇਲਵੇ ਸਟੇਸ਼ਨ ਸਮੇਤ ਤਿੰਨ ਵੱਡੇ ਨਿੱਜੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਪਹਿਲਾਂ 23 ਅਪ੍ਰੈਲ ਨੂੰ ਵੀ ਧਮਕੀ ਮਿਲ ਚੁੱਕੀ ਹੈ |
ਬਠਿੰਡਾ ਦੇ 4 ਵੱਡੇ ਪ੍ਰਾਈਵੇਟ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪ੍ਰਸ਼ਾਸਨ ਅਲਰਟ, ਸਕੂਲ ਕਰਵਾਏ ਖਾਲੀ
ਬਠਿੰਡਾ ਦੇ ਇਕ ਸਕੂਲ 'ਚ ਸਰਚ ਅਭਿਆਨ ਕਰਦੀ ਹੋਈ ਡਾਗ ਸਕੁਆਡ ਟੀਮ | (ਸੱਜੇ) ਇਕ ਸਕੂਲ 'ਚ ਪ੍ਰਬੰਧਕਾਂ ਦੇ ਨਾਲ ਪੁਲਿਸ ਦੀ ਟੀਮ | ਤਸਵੀਰ: ਲਵਲੀ<br/>
22-05-2026