ਮਾਨਸਾ, 28 ਮਈ (ਬਲਵਿੰਦਰ ਸਿੰਘ ਧਾਲੀਵਾਲ)- ਪਿੰਡ ਹਮੀਰਗੜ੍ਹ ਢੈਪਈ ਤੋਂ ਮੁੱਖ ਮੰਤਰੀ ਦੇ ਪਿੰਡ ਸਤੋਜ ਨੂੰ ਜਾਂਦੀ 18 ਫੁੱਟ ਸੜਕ ਉੱਪਰ ਏ. ਬੀ. ਫਿਊਲਜ ਦੇ ਡੀ. ਗ੍ਰੇਡ ਦੇ ਕਾਰਜ ਲਈ ਝੋਨੇ ਦੀ ਪਰਾਲੀ ਤੋਂ ਗੱਠਾਂ ਬਣਾਉਣ ਵਾਲੀ ਫ਼ੈਕਟਰੀ ਨੇ ਲੋਕਾਂ ਦਾ ਜਿਊਣਾ ਦੁੱਭਰ ਕਰ ਰੱਖਿਆ ਗਿਆ ਹੈ | ਇਹ ਫ਼ੈਕਟਰੀ ਢੈਪਈ ਤੇ ਬੀਰ ਖ਼ੁਰਦ ਦੇ ਵਿਚਕਾਰ ਹੈ | ਦੋਵੇਂ ਪਿੰਡਾਂ ਦੇ ਲੋਕ ਪਿਛਲੇ ਦਿਨਾਂ ਤੋਂ ਸੰਘਰਸ਼ ਦੇ ਰਾਹ ਪਏ ਹੋਏ ਹਨ | ਉਨ੍ਹਾਂ ਅੱਜ ਵੱਡਾ ਇਕੱਠ ਕਰ ਕੇ ਐਲਾਨ ਕੀਤਾ ਕਿ ਜੇਕਰ ਪ੍ਰਸ਼ਾਸਨ ਨੇ ਮਸਲੇ ਦਾ ਕੋਈ ਹੱਲ ਨਾ ਕੱਢਿਆ, ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ | ਪਿੰਡ ਵਾਸੀਆਂ ਵਲੋਂ ਮੁੱਖ ਮੰਤਰੀ ਨੂੰ ਵੀ ਸੂਚਨਾ ਭੇਜੀ ਹੈ | ਬੁਲਾਰਿਆਂ ਨੇ ਕਿਹਾ ਕਿ ਜਦੋਂ ਇਹ ਫ਼ੈਕਟਰੀ ਸਥਾਪਿਤ ਹੋਈ ਸੀ ਤਾਂ ਆਸ ਬੱਝੀ ਸੀ ਕਿ ਝੋਨੇ ਦੀ ਪਰਾਲੀ ਅਤੇ ਪਰਾਲੀ ਤੋਂ ਪੈਦਾ ਹੁੰਦੇ ਧੂੰਏਾ ਤੋਂ ਨਿਜਾਤ ਮਿਲੇਗੀ | ਉਨ੍ਹਾਂ ਕਿਹਾ ਕਿ ਪਰਾਲੀ ਦੀ ਖਪਤ ਦੇ ਆੜ ਹੇਠ ਫ਼ੈਕਟਰੀ ਮਾਲਕ ਪੋਲਟਰੀ ਫਾਰਮ ਦੀ ਰਹਿੰਦ-ਖੂੰਹਦ, ਸੂਰਾਂ ਦਾ ਮਲ-ਮੂਤਰ, ਖੰਡ ਮਿੱਲਾਂ ਦੇ ਗੰਨੇ ਦੀ ਮੈਲ ਅਤੇ ਹੋਰ ਗੰਦਾ ਮਟੀਰੀਅਲ ਲਿਆ ਕੇ ਇੱਥੇ ਡੰਪ ਕਰਦੇ ਹਨ, ਜਿਸ ਕਰ ਕੇ ਰਿਹਾਇਸ਼ੀ ਖੇਤਰ ਵਾਲੇ ਲੋਕਾਂ ਨੂੰ ਸਾਹ ਲੈਣਾ ਔਖਾ ਹੋਇਆ ਪਿਆ ਹੈ | ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਫ਼ੈਕਟਰੀ ਮਾਲਕਾਂ ਦੇ ਭਰੋਸੇ ਉਪਰੰਤ ਕੁਝ ਦਿਨਾਂ ਲਈ ਸੰਘਰਸ਼ ਠੰਢਾ ਪਾ ਦਿੱਤਾ ਸੀ ਪਰ ਪਰਨਾਲਾ ਉੱਥੇ ਦਾ ਉੱਥੇ ਹੈ, ਜਿਸ ਕਰ ਕੇ ਉਨ੍ਹਾਂ ਨੂੰ ਮੁੜ ਧਰਨਾ ਲਗਾਉਣ ਲਈ ਮਜਬੂਰ ਹੋਣਾ ਪਿਆ | ਉਨ੍ਹਾਂ ਮੁੱਖ ਮੰਤਰੀ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਮਸਲੇ ਨੂੰ ਜਲਦ ਹੱਲ ਕਰਵਾਇਆ ਜਾਵੇ |
ਪਿੰਡ ਹਮੀਰਗੜ੍ਹ ਢੈਪਈ ਤੇ ਬੀਰ ਖ਼ੁਰਦ ਦੇ ਵਾਸੀਆਂ ਵਲੋਂ ਫ਼ੈਕਟਰੀ ਮਾਲਕਾਂ ਖ਼ਿਲਾਫ਼ ਰੋਸ ਧਰਨਾ <br/>
ਅਜੀਤ ਡੈਸਕ
29-05-2026