ਨਥਾਣਾ, 13 ਜੂਨ (ਗੁਰਦਰਸ਼ਨ ਲੁੱਧੜ)-ਪੰਜਾਬ ਸਿੰਚਾਈ ਵਿਭਾਗ ਵਲੋਂ ਫ਼ੰਡ ਜਾਰੀ ਕਰਕੇ ਨਵੇਂ ਉਸਾਰੇ ਢਿਪਾਲੀ ਰਜਵਾਹੇ ਤੇ ਇਸ ਨਾਲ ਸੰਬੰਧਿਤ ਕੱਸੀਆਂ ਸ਼ੁਰੂਆਤੀ ਦੌਰ ਵਿਚ ਪਾਣੀ ਛੱਡਣ ਸਮੇਂ ਉੱਛਲਣ ਲੱਗ ਪਿਆ ਹੈ | ਢਿਪਾਲੀ ਰਜਵਾਹੇ ਦੀ ਟੇਲ 'ਤੇ ਇਕੱਠੇ ਹੋਏ ਕਿਸਾਨਾਂ ਨੇ ਦੱਸਿਆ ਕਿ ਰਜਵਾਹੇ ਦੀ ਡਿਜਾਇਨੀ ਬਣਤਰ ਪਾਣੀ ਡਿਸਚਾਰਜ ਦੀਆਂ ਹਕੀਕਤਾਂ ਅਨੁਸਾਰ ਮੇਲ ਨਾ ਖਾਂਦੀ ਹੋਣ ਕਰਕੇ ਰਜਵਾਹਾ ਕੁਝ ਦਿਨ ਪਹਿਲਾਂ ਪਿੰਡ ਸੇਲਬਰਾਹ ਲਾਗੇ ਟੁੱਟ ਚੁੱਕਾ ਹੈ | ਇਸ ਤੋਂ ਇਲਾਵਾ ਟੇਲ 'ਚੋਂ ਨਿਕਲਦੀ ਗੰਗਾ ਮਾਈਨਰ ਨੇ ਪਿਛਲੇ ਮਹੀਨੇ ਓਵਰਫਲੋਅ ਹੋ ਕੇ ਕਿਸਾਨਾਂ ਦੀਆਂ ਫ਼ਸਲਾਂ ਨੂੰ ਨੁਕਸਾਨ ਪਹੁੰਚਾਇਆ ਸੀ | ਹੁਣ ਬੀਤੀ ਰਾਤ ਜਦੋਂ ਸੂਏ ਤੇ ਕੱਸੀ 'ਚ ਦੁਬਾਰਾ ਪਾਣੀ ਛੱਡਿਆ ਤਾਂ ਸੂਏ 'ਚ ਪੱਤੇ ਡਿੱਗਣ ਉਪਰੰਤ ਸੂਏ ਦੇ ਮੋਘੇ, ਠੱਲਾਂ ਅਤੇ ਪੁਲ ਜਾਮ ਹੋ ਗਏ | ਦੂਜੇ ਪਾਸੇ ਸੂਏ ਕੱਸੀ ਦੇ ਸਰਕਲ ਵਿਚ ਬੇਲਦਾਰਾਂ ਦੀਆਂ ਅਸਾਮੀਆਂ ਲੋੜ ਮੁਤਾਬਿਕ ਬਹੁਤ ਘੱਟ ਹਨ | ਕਿਸਾਨਾਂ ਦਾ ਕਹਿਣਾ ਹੈ ਕਿ ਨਹਿਰੀ ਵਿਭਾਗ ਦੇ ਅਧਿਕਾਰੀਆਂ ਵਲੋਂ ਏ. ਸੀ. ਦਫ਼ਤਰਾਂ ਵਿਚ ਬੈਠ ਕੇ ਨਵੇਂ ਉਸਾਰੇ ਸੂਏ ਦੀਆਂ ਪਟੜੀਆਂ ਨੀਵੀਂਆਂ ਰੱਖਣ ਦਾ ਡਿਜ਼ਾਈਨ ਕਾਗ਼ਜ਼ਾਂ 'ਚ ਤਾਂ ਭਾਵੇਂ ਕਾਰਗਰ ਹੋਵੇ ਪਰ ਉਸਾਰੇ ਗਏ ਸੂਏ ਤੇ ਕੱਸੀ ਦੀ ਸਲਾਮਤੀ ਲਈ ਅਮਲੀ ਰੂਪ 'ਚ ਸਲਾਮਤੀ ਵਾਲਾ ਨਹੀਂ ਹੈ | ਇਸ ਤੋਂ ਇਲਾਵਾ ਪੁਰਾਣੇ ਸੂਏ ਦਾ ਮਲਬਾ ਬਾਹਰ ਸੁੱਟਣ ਦੀ ਬਿਜਾਏ ਪਟੜੀਆਂ 'ਚ ਦੱਬਿਆ ਹੋਣ ਕਰਕੇ ਨਵੇਂ ਉਸਾਰੇ ਸੂਏ 'ਚੋਂ ਲੀਕ ਹੋਣ ਵਾਲੇ ਪਾਣੀ ਨੂੰ ਖੱਡਾਂ ਰਾਹੀਂ ਹੋਰ ਵਿਰਲਾਂ ਮਿਲ ਰਹੀਆਂ ਹਨ | ਬੀਤੀ ਰਾਤ ਪਾਣੀ ਉਛਲਣ ਉਪਰੰਤ ਗੰਗਾ ਮਾਈਨਰ ਦੀਆਂ ਪਟੜੀਆਂ ਕਾਫੀ ਥਾਵਾਂ ਤੋਂ ਖੁਰ ਗਈਆਂ ਅਤੇ ਝੋਨੇ ਦੇ ਕਈ ਖੇਤਾਂ ਵਿਚ ਰੇਗ ਵਿਛ ਗਈ | ਕਿਸਾਨਾਂ ਵਲੋਂ ਗੰਗਾ ਮਾਈਨਰ ਦੀਆਂ ਪਟੜੀਆਂ ਨੂੰ ਮਜ਼ਬੂਤ ਕਰਨ ਦਾ ਕੰਮ ਸਾਰਾ ਦਿਨ ਜਾਰੀ ਰਿਹਾ | ਪਿੰਡ ਗੰਗਾ ਦੇ ਸਾਬਕਾ ਪੰਚ ਮੱਖਣ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਮਾਰਚ ਮਹੀਨੇ ਤੋਂ ਲੈ ਕੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੂੰ ਪਟੜੀਆਂ ਉੱਚੀਆਂ ਕਰਨ ਬਾਰੇ ਅਪੀਲਾਂ ਕੀਤੀਆਂ ਪਰ ਅਧਿਕਾਰੀਆਂ ਨੇ ਕਿਸਾਨਾਂ ਦੀਆਂ ਗੁਜ਼ਾਰਿਸ਼ਾਂ ਨੂੰ ਨਜ਼ਰਅੰਦਾਜ਼ ਹੀ ਰੱਖਿਆ | ਕਿਸਾਨਾਂ ਦਾ ਕਹਿਣਾ ਹੈ ਕਿ ਨਵੇਂ ਰਜਵਾਹੇ ਤੇ ਗੰਗਾ ਮਾਈਨਰ ਨੂੰ ਸਲਾਮਤ ਰੱਖਣ ਲਈ ਬੇਲਦਾਰਾਂ ਦੀ ਤਾਇਨਾਤੀ ਤੇ ਸੂਏ-ਕੱਸੀ ਦੀਆਂ ਪਟੜੀਆਂ ਨੂੰ ਮਜ਼ਬੂਤ ਕਰਨਾ ਜ਼ਰੂਰੀ ਹੈ | ਜੇਕਰ ਅਜਿਹਾ ਨਾ ਕੀਤਾ ਤਾਂ ਝੋਨਾ ਪਾਲਣ ਦੇ ਸਾਰੇ ਸੀਜ਼ਨ ਦੌਰਾਨ ਹੀ ਮੌਜੂਦਾ ਸਥਿਤੀ ਤੋਂ ਰਾਹਤ ਮਿਲਣੀ ਸੰਭਵ ਨਹੀਂ ਜਾਪਦੀ | ਨਹਿਰੀ ਵਿਭਾਗ ਦੇ ਸੰਬੰਧਿਤ ਐਸ. ਡੀ. ਓ. ਸਾਹਿਲ ਸ਼ਰਮਾ ਨੇ ਕਿਹਾ ਕਿ ਉਹ ਖ਼ੁਦ ਪਹੁੰਚ ਕੇ ਉਕਤ ਸੂਏ ਕੱਸੀਆਂ ਦੀਆਂ ਪਟੜੀਆਂ ਦਾ ਜਾਇਜ਼ਾ ਲੈ ਕੇ ਬਣਦੀ ਕਾਰਵਾਈ ਲਈ ਯਤਨਸ਼ੀਲ ਹਨ |